ਇਕ ਲੱਖ ਰੁਪਏ ਜੁਰਮਾਨਾ
ਅੰਮ੍ਰਿਤਸਰ, 23 ਅਪ੍ਰੈਲ : ਅੰਮ੍ਰਿਤਸਰ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ (ਪੋਸਕੋ-ਕਮ-ਫਾਸਟ ਟ੍ਰੈਕ) ਅਦਾਲਤ ਨੇ ਇੱਕ ਨਾਬਾਲਗ ਧੀ ਨਾਲ ਜਬਰ-ਜ਼ਨਾਹ ਕਰਨ ਵਾਲੇ ਦਰਿੰਦੇ ਪਿਤਾ ਨੂੰ ਸਖ਼ਤ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ ਮੌਤ ਦੇ ਆਖਰੀ ਸਾਹ ਤੱਕ ਉਮਰ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਭਰਨ ਦਾ ਆਦੇਸ਼ ਦਿੱਤਾ ਹੈ।
ਦੋਸ਼ੀ ਦੀ ਪਛਾਣ ਸਤਨਾਮ ਸਿੰਘ ਉਰਫ਼ ਮਨੂ, ਵਾਸੀ ਪਿੰਡ ਡੇਨਿਆਲ, ਥਾਣਾ ਖਿਲਚੀਆਂ ਵਜੋਂ ਹੋਈ ਹੈ। ਅਦਾਲਤ ਵੱਲੋਂ ਉਸਨੂੰ ਮੁਕੱਦਮਾ ਨੰਬਰ 81/2024, ਅਧੀਨ ਧਾਰਾ 65(2)/64(1) ਬੀ.ਐੱਨ.ਐੱਸ. (BNS) ਅਤੇ ਪੋਸਕੋ ਐਕਟ ਦੀਆਂ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਮਾਮਲੇ ਦੀ ਜਾਂਚ ਅਤੇ ਅਦਾਲਤੀ ਰਿਕਾਰਡ ਅਨੁਸਾਰ, ਇਹ ਦਰਿੰਦਗੀ ਪਿਛਲੇ 2 ਸਾਲਾਂ ਤੋਂ ਚੱਲ ਰਹੀ ਸੀ। ਦੋਸ਼ੀ ਆਪਣੀ ਨਾਬਾਲਗ ਧੀ ਨੂੰ ਧਮਕਾ ਕੇ ਚੁੱਪ ਰਹਿਣ ਲਈ ਮਜਬੂਰ ਕਰਦਾ ਸੀ। 17 ਜੁਲਾਈ 2024 ਨੂੰ, ਜਦੋਂ ਪੀੜਤਾ ਦੀ ਮਾਤਾ ਘਰ ਮੌਜੂਦ ਨਹੀਂ ਸੀ, ਉਸ ਸਮੇਂ ਦੋਸ਼ੀ ਨੇ ਆਪਣੀ ਧੀ ਨਾਲ ਜ਼ਬਰਦਸਤੀ ਜਬਰ-ਜ਼ਨਾਹ ਕੀਤਾ ਅਤੇ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ।
ਇਸ ਫੈਸਲੇ ਰਾਹੀਂ ਅਦਾਲਤ ਨੇ ਸਮਾਜ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਨਾਬਾਲਗਾਂ ਨਾਲ ਹੋਣ ਵਾਲੇ ਅਜਿਹੇ ਗੰਭੀਰ ਅਤੇ ਘਿਨੌਣੇ ਅਪਰਾਧਾਂ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਰਿਆਇਤ ਨਹੀਂ ਵਰਤੀ ਜਾਵੇਗੀ। ਅਦਾਲਤ ਨੇ ਦੋਸ਼ੀ ਨੂੰ ਕੁਦਰਤੀ ਜ਼ਿੰਦਗੀ ਦੇ ਅੰਤ ਤੱਕ ਉਮਰ ਕੈਦ ਦੀ ਸਜ਼ਾ ਸੁਣਾ ਕੇ ਮਿਸਾਲ ਪੇਸ਼ ਕੀਤੀ ਹੈ।
Read More : ਗੁਰਜੀਤ ਸਿੰਘ ਖਾਲਸਾ ਨੂੰ ਟਾਵਰ ਤੋਂ ਹੇਠਾਂ ਉਤਾਰਨ ਲਈ ਪ੍ਰਸ਼ਾਸਨ ਸਰਗਰਮ
