ਸਮਾਣਾ

ਗੁਰਜੀਤ ਸਿੰਘ ਖਾਲਸਾ ਨੂੰ ਟਾਵਰ ਤੋਂ ਹੇਠਾਂ ਉਤਾਰਨ ਲਈ ਪ੍ਰਸ਼ਾਸਨ ਸਰਗਰਮ

ਪੈਰਾ-ਮਿਲਟਰੀ ਫੋਰਸਿਜ਼ ਨੇ ਲਿਆ ਜਾਇਜ਼ਾ; ਮੀਡੀਆ ਨੂੰ ਰੋਕਣ ’ਤੇ ਸੁਰਜੀਤ ਰੱਖੜਾ ਵੱਲੋਂ ਨਿੰਦਾ

ਸਮਾਣਾ, 23 ਅਪ੍ਰੈਲ : ਪਿਛਲੇ 18 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਟਾਵਰ ਤੋਂ ਸੁਰੱਖਿਅਤ ਹੇਠਾਂ ਉਤਾਰਨ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਪ੍ਰਸ਼ਾਸਨ ਦੇ ਵੱਖ-ਵੱਖ ਮਹਿਕਮਿਆਂ ਦੇ ਸੀਨੀਅਰ ਅਧਿਕਾਰੀ ਅਤੇ ਪੈਰਾ-ਮਿਲਟਰੀ ਫੋਰਸਿਜ਼ ਨੇ ਬੀ.ਐੱਸ.ਐੱਨ.ਐੱਲ. ਦੇ ਟਾਵਰ ਨੇੜੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

ਪਟਿਆਲਾ ਤੋਂ ਐੱਸ.ਪੀ. ਵੈਭਵ ਸਹਿਗਲ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਰਾਹਤ ਕਾਰਵਾਈ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਟਾਵਰ ’ਤੇ ਬੈਠੇ ਖਾਲਸਾ ਨੂੰ ਉਤਾਰਨ ਲਈ ਵੀਰਵਾਰ ਸਵੇਰੇ 8 ਵਜੇ ਤੋਂ ਹੀ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ। ਅਧਿਕਾਰੀਆਂ ਨੇ ਬਿਲਡਿੰਗ ਅੰਦਰ ਰਣਨੀਤੀ ਬਣਾਈ, ਪਰ ਮੀਡੀਆ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਇਸ ਦੌਰਾਨ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਮੌਕੇ ’ਤੇ ਪਹੁੰਚ ਕੇ ਮੀਡੀਆ ਨਾਲ ਕੀਤੇ ਜਾ ਰਹੇ ਇਸ ਵਰਤਾਓ ਦੀ ਤਿੱਖੀ ਨਿੰਦਾ ਕੀਤੀ।

ਦੂਜੇ ਪਾਸੇ, ਧਰਮ ਯੁੱਧ ਮੋਰਚਾ ਕਮੇਟੀ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਭਰੋਸੇ ’ਚ ਲਏ ਬਿਨਾਂ ਹੀ ਕਾਰਵਾਈ ਕਰ ਰਿਹਾ ਹੈ, ਜੋ ਕਿ ਸਰਾਸਰ ਵਾਅਦਾ-ਖ਼ਿਲਾਫ਼ੀ ਹੈ। ਕਮੇਟੀ ਮੈਂਬਰ ਅਮਿਤੋਜ ਸਿੰਘ ਮਾਨ ਨੇ ਸਪੱਸ਼ਟ ਕੀਤਾ ਕਿ ਪਹਿਲਾਂ ਸੰਗਤ ਨਾਲ ਸਲਾਹ ਕੀਤੀ ਜਾਵੇਗੀ, ਉਸ ਤੋਂ ਬਾਅਦ ਹੀ ਕੋਈ ਕਦਮ ਚੁੱਕਣ ਦਿੱਤਾ ਜਾਵੇਗਾ।

ਡੀ.ਐੱਸ.ਪੀ. ਸਮਾਣਾ ਫ਼ਤਿਹ ਸਿੰਘ ਬਰਾੜ ਨੇ ਦੱਸਿਆ ਕਿ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਹਨ ਅਤੇ ਭਾਈ ਖਾਲਸਾ ਨੂੰ ਸ਼ੁੱਕਰਵਾਰ ਸਵੇਰੇ ਸੁਰੱਖਿਅਤ ਹੇਠਾਂ ਉਤਾਰਿਆ ਜਾਵੇਗਾ।

Read More : ਇੰਟੈਲੀਜੈਂਸ ਦੀ ਮਹਿਲਾ ਸਬ-ਇੰਸਪੈਕਟਰ ਦੀ ਟ੍ਰੇਨਿੰਗ ਦੌਰਾਨ ਮੌਤ

Leave a Reply

Your email address will not be published. Required fields are marked *