ਪੁਲਸ ਵੱਲੋਂ 6 ਮੁਲਜ਼ਮਾਂ ਵਿਰੁੱਧ ਮਾਮਲਾ ਦਰਜ; ਹਮਲਾਵਰਾਂ ਦੀ ਭਾਲ ’ਚ ਛਾਪੇਮਾਰੀ ਜਾਰੀ
ਮੋਗਾ, 11 ਮਾਰਚ : ਮੋਗਾ-ਕੋਟਕਪੂਰਾ ਰੋਡ ’ਤੇ ਬੀਤੀ ਰਾਤ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹਥਿਆਰਬੰਦ ਵਿਅਕਤੀਆਂ ਵੱਲੋਂ ਸਕਾਰਪੀਓ ਸਵਾਰ ਕੁਲਜੀਤ ਸਿੰਘ ਉਰਫ਼ ਜੀਤਾ ਨਿਵਾਸੀ ਵੇਦਾਂਤ ਨਗਰ ਦੀ ਗੱਡੀ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਇਸ ਹਮਲੇ ’ਚ ਕੁਲਜੀਤ ਸਿੰਘ ਦੀ ਲੱਤ ’ਤੇ ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਸਾਊਥ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਜਾਣਕਾਰੀ ਅਨੁਸਾਰ ਜਦੋਂ ਕੁਲਜੀਤ ਸਿੰਘ ਆਪਣੇ ਦੋਸਤ ਨਾਲ ਚੁੰਗੀ ਨੇੜੇ ਪੁੱਜਾ, ਤਾਂ ਹਮਲਾਵਰਾਂ ਨੇ ਉਸ ਦੀ ਗੱਡੀ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾ ਦਿੱਤੀਆਂ। ਪੁਲਸ ਵੱਲੋਂ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਪੁਲਸ ਨੇ ਕੁਲਜੀਤ ਸਿੰਘ ਜੀਤਾ ਦੇ ਬਿਆਨਾਂ ’ਤੇ ਛੇ ਮੁਲਜ਼ਮਾਂ—ਜਗਦੇਵ ਸਿੰਘ ਜੱਗਾ, ਵਰਿੰਦਰ ਸਿੰਘ, ਹਰਜੋਤ ਸਿੰਘ, ਗੁਰਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਭੂਰਾ ਅਤੇ ਹਰਮਨਦੀਪ ਸਿੰਘ ਵਿਰੁੱਧ ਥਾਣਾ ਸਿਟੀ ਸਾਊਥ ’ਚ ਮਾਮਲਾ ਦਰਜ ਕਰ ਲਿਆ ਹੈ।
ਜ਼ਿਲਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਇਹ ਹਮਲਾ ਪੁਰਾਣੀ ਰੰਜਿਸ਼ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Read More : ਸੀ.ਬੀ.ਐੱਸ.ਈ. ਮੈਥਸ ਪੇਪਰ ਦਾ ਕਿਊ ਆਰ ਕੋਡ ਸਕੈਨ ਕਰਦੇ ਹੀ ਚੱਲਣ ਲੱਗਾ ਪੌਪ ਸੌਂਗ
