ਸੀ.ਬੀ.ਐੱਸ.ਈ.

ਸੀ.ਬੀ.ਐੱਸ.ਈ. ਮੈਥਸ ਪੇਪਰ ਦਾ ਕਿਊ ਆਰ ਕੋਡ ਸਕੈਨ ਕਰਦੇ ਹੀ ਚੱਲਣ ਲੱਗਾ ਪੌਪ ਸੌਂਗ

ਸੋਸ਼ਲ ਮੀਡੀਆ ’ਤੇ ਵਿਵਾਦ ਛਿੜਨ ਮਗਰੋਂ ਬੋਰਡ ਨੇ ਦਿੱਤੀ ਸਫ਼ਾਈ; ਪੇਪਰ ਦੀ ਸੁਰੱਖਿਆ ਨੂੰ ਦੱਸਿਆ ਬਰਕਰਾਰ

ਚੰਡੀਗੜ੍ਹ, 11 ਮਾਰਚ : ਸੀ.ਬੀ.ਐੱਸ.ਈ. ਦੀ 12ਵੀਂ ਜਮਾਤ ਦੇ ਗਣਿਤ ਦੇ ਪ੍ਰਸ਼ਨ-ਪੱਤਰ ’ਚ ਦਿੱਤੇ ਕਿਊ ਆਰ (QR) ਕੋਡ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਨਵਾਂ ਵਿਵਾਦ ਛਿੜ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਕ ਪ੍ਰੀਖਿਆ ਕੇਂਦਰ ’ਚ ਇਸ ਕੋਡ ਨੂੰ ਸਕੈਨ ਕੀਤਾ ਗਿਆ, ਤਾਂ ਅੰਗਰੇਜ਼ੀ ਗਾਇਕ ਰਿਕ ਐਸਟਲੀ ਦਾ ਮਸ਼ਹੂਰ ਗਾਣਾ ‘Never gonna give you up’ ਯੂ-ਟਿਊਬ ’ਤੇ ਚੱਲਣ ਲੱਗ ਪਿਆ।

ਇਸ ਘਟਨਾ ਮਗਰੋਂ ਪ੍ਰੀਖਿਆ ਦੀ ਗੋਪਨੀਯਤਾ ਅਤੇ ਸੁਰੱਖਿਆ ਨੂੰ ਲੈ ਕੇ ਸਵਾਲ ਉੱਠਣ ਲੱਗੇ ਅਤੇ ਇੰਟਰਨੈੱਟ ’ਤੇ ਮੀਮਸ ਦੀ ਹੜ੍ਹ ਆ ਗਈ। ਮਾਮਲਾ ਵਧਦਾ ਦੇਖ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਨੇ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਪ੍ਰਸ਼ਨ-ਪੱਤਰ ਦੀ ਸੁਰੱਖਿਆ ’ਚ ਕੋਈ ਸੰਨ੍ਹ ਨਹੀਂ ਲੱਗੀ ਹੈ। ਬੋਰਡ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਭਵਿੱਖ ’ਚ ਅਜਿਹੀ ਤਕਨੀਕੀ ਦਿੱਕਤ ਨਾ ਆਵੇ, ਇਸ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।

ਕੀ ਹੈ ਪੂਰਾ ਮਾਮਲਾ:
ਦਰਅਸਲ, ਪ੍ਰਸ਼ਨ-ਪੱਤਰ ’ਤੇ ਮੌਜੂਦ ਕਿਊ ਆਰ ਕੋਡ ਸੁਰੱਖਿਆ ਅਤੇ ਪ੍ਰਮਾਣਿਕਤਾ ਦੀ ਜਾਂਚ ਲਈ ਲਗਾਇਆ ਜਾਂਦਾ ਹੈ। ਜਦੋਂ ਕੋਡ ਸਕੈਨ ਕਰਨ ’ਤੇ ਗਾਣਾ ਚੱਲਿਆ, ਤਾਂ ਵਿਦਿਆਰਥੀਆਂ ਅਤੇ ਮਾਪਿਆਂ ’ਚ ਪੇਪਰ ਨਾਲ ਛੇੜਛਾੜ ਦਾ ਡਰ ਪੈਦਾ ਹੋ ਗਿਆ।

ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਯੂਜ਼ਰ ਨੇ ਤਨਜ਼ ਕੱਸਦਿਆਂ ਲਿਖਿਆ ਕਿ ਉਹ ਪੇਪਰ ’ਚ ਸਵਾਲ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਦਕਿ ਬੋਰਡ ‘ਰਿਕਰੋਲ’ (ਮਜ਼ਾਕ) ਕਰ ਰਿਹਾ ਸੀ। ਕਈ ਯੂਜ਼ਰਾਂ ਨੇ ਇਸ ਮਾਮਲੇ ਦੀ ਜਾਂਚ ਲਈ ਸਿੱਖਿਆ ਮੰਤਰਾਲੇ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਵੀ ਟੈਗ ਕੀਤਾ ਹੈ।

Read More : ਬਹੁ-ਚਰਚਿਤ ਡੀ. ਸੀ. ਵਿਵਾਦ ਮਾਮਲੇ ’ਚੋਂ ਸਿਮਰਜੀਤ ਬੈਂਸ ਬਰੀ

Leave a Reply

Your email address will not be published. Required fields are marked *