ਪਾਣੀਪਤ ਨੇੜੇ ਕਾਰ ਡਿਵਾਈਡਰ ਨਾਲ ਟਕਰਾਉਣ ਮਗਰੋਂ ਟਰੱਕ ’ਚ ਵੱਜੀ
ਪੱਟੀ, 10 ਮਾਰਚ : ਅਮਰੀਕਾ ਤੋਂ ਆਪਣੇ ਜੱਦੀ ਪਿੰਡ ਮਰਗਿੰਦਪੁਰਾ ਪਰਤ ਰਹੇ ਪਤੀ-ਪਤਨੀ ਦੀ ਹਰਿਆਣਾ ਦੇ ਪਾਣੀਪਤ ਨੇੜੇ ਇਕ ਦਰਦਨਾਕ ਸੜਕ ਹਾਦਸੇ ’ਚ ਮੌਤ ਹੋਣ ਦਾ ਅਤਿ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੀ ਪਛਾਣ ਸਾਬਕਾ ਸਰਪੰਚ ਰਣਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਸਤਿੰਦਰ ਕੌਰ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਓ.ਐੱਸ.ਡੀ. ਮਾਸਟਰ ਗੁਰਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਰਣਜੀਤ ਸਿੰਘ ਅਤੇ ਚਾਚੀ ਸਤਿੰਦਰ ਕੌਰ ਅਮਰੀਕਾ ਤੋਂ ਭਾਰਤ ਪਹੁੰਚੇ ਸਨ। ਉਹ ਦਿੱਲੀ ਏਅਰਪੋਰਟ ਤੋਂ ਕਾਰ ਰਾਹੀਂ ਆਪਣੇ ਪਿੰਡ ਮਰਗਿੰਦਪੁਰਾ ਵੱਲ ਆ ਰਹੇ ਸਨ। ਸਫ਼ਰ ਦੌਰਾਨ ਪਾਣੀਪਤ ਨੇੜੇ ਉਨ੍ਹਾਂ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ ਅਤੇ ਸਾਹਮਣੇ ਤੋਂ ਆ ਰਹੇ ਇਕ ਟਰੱਕ ਦੀ ਲਪੇਟ ’ਚ ਆ ਗਈ।
ਟੱਕਰ ਇੰਨੀ ਜ਼ੋਰਦਾਰ ਸੀ ਕਿ ਪਤੀ-ਪਤਨੀ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਖ਼ਬਰ ਦੇ ਪਿੰਡ ਪਹੁੰਚਦਿਆਂ ਹੀ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਉਹ ਕਾਫੀ ਸਮੇਂ ਬਾਅਦ ਅਮਰੀਕਾ ਤੋਂ ਵਾਪਸ ਆ ਰਹੇ ਸਨ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
Read More : ਸੋਮਵਾਰ ਨੂੰ ਖੁੱਲ੍ਹੇਗਾ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ
