ਪੰਨੂ ਦੇ ਇਸ਼ਾਰੇ ‘ਤੇ ਦਿੱਤੀ ਸੀ ਵਾਰਦਾਤ ਨੂੰ ਅੰਜਾਮ
ਹੁਸ਼ਿਆਰਪੁਰ, 19 ਅਪ੍ਰੈਲ : ਹੁਸ਼ਿਆਰਪੁਰ ਪੁਲਿਸ ਨੇ ਪਿੰਡ ਨੂਰਪੁਰ ਜੱਟਾਂ (ਮਾਹਿਲਪੁਰ) ਵਿੱਚ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਦੇ ਮਾਮਲੇ ਨੂੰ ਸੁਲਝਾਉਂਦਿਆਂ ਤਿੰਨ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ 30-31 ਮਾਰਚ ਦੀ ਅੱਧੀ ਰਾਤ ਨੂੰ ਵਾਪਰੀ ਸੀ, ਜਿਸ ਤੋਂ ਬਾਅਦ ਇਲਾਕੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ।
ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਬੇਅਦਬੀ ਵਿਦੇਸ਼ ਵਿੱਚ ਬੈਠੇ ‘ਸਿੱਖ ਫਾਰ ਜਸਟਿਸ’ (SFJ) ਦੇ ਗੁਰਪਤਵੰਤ ਸਿੰਘ ਪੰਨੂ ਦੇ ਇਸ਼ਾਰੇ ‘ਤੇ ਕੀਤੀ ਗਈ ਸੀ। ਮੁਲਜ਼ਮਾਂ ਨੇ ਪੈਸੇ ਦੇ ਲਾਲਚ ਵਿੱਚ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮਾਂ ਨੇ ਇੱਕ ਆਲਟੋ ਗੱਡੀ ਵਿੱਚ ਆ ਕੇ ਲੋਹੇ ਦੀ ਰਾਡ ਨਾਲ ਬੁੱਤ ਦੇ ਸ਼ੀਸ਼ੇ ਤੋੜੇ ਸਨ।
ਪੁਲਿਸ ਨੇ ਤਕਨੀਕੀ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਤਿੰਨਾਂ ਮੁਲਜ਼ਮਾਂ ਗੁਰਕੀਰਤ ਸਿੰਘ ਪੁੱਤਰ ਅਵਤਾਰ ਸਿੰਘ, ਵਾਸੀ ਬਾੜੀਆਂ ਕਲਾਂ, ਚੱਬੇਵਾਲ। ਪਵਨਦੀਪ ਸਿੰਘ ਪੁੱਤਰ ਰਵਿੰਦਰ ਸਿੰਘ, ਵਾਸੀ ਰਣਜੀਤ ਨਗਰ, ਜ਼ਿਲ੍ਹਾ ਐੱਸ.ਏ.ਐੱਸ. ਨਗਰ ਅਤੇ ਸਾਹਿਲਪ੍ਰੀਤ ਸਿੰਘ ਪੁੱਤਰ ਤਲਵਿੰਦਰ ਸਿੰਘ, ਵਾਸੀ ਪਤੋੜ, ਜ਼ਿਲ੍ਹਾ ਐੱਸ.ਏ.ਐੱਸ. ਨਗਰ ਨੂੰ ਨੂੰ ਕਾਬੂ ਕੀਤਾ ਹੈ।
ਇਸ ਅੰਨ੍ਹੇ ਕੇਸ ਨੂੰ ਹੱਲ ਕਰਨ ਲਈ ਐੱਸ.ਪੀ. ਮਨਪ੍ਰੀਤ ਸ਼ੀਂਹਮਾਰ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਇਸ ਵਿੱਚ ਡੀ.ਐੱਸ.ਪੀ. ਪਰਨੀਤ ਸਿੰਘ, ਡੀ.ਐੱਸ.ਪੀ. ਦਲਜੀਤ ਸਿੰਘ, ਸੀ.ਆਈ.ਏ. ਸਟਾਫ ਦੇ ਇੰਚਾਰਜ ਗੁਰਪ੍ਰੀਤ ਸਿੰਘ ਅਤੇ ਮਾਹਿਲਪੁਰ ਦੇ ਐੱਸ.ਐੱਚ.ਓ. ਇੰਸਪੈਕਟਰ ਰਮਨਦੀਪ ਸਿੰਘ ਸ਼ਾਮਲ ਸਨ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਲੋਹੇ ਦੀ ਰਾਡ ਅਤੇ ਮੋਬਾਈਲ ਫੋਨ ਬਰਾਮਦ ਕਰ ਲਏ ਹਨ। 31 ਮਾਰਚ ਨੂੰ ਥਾਣਾ ਮਾਹਿਲਪੁਰ ਵਿਖੇ ਦਰਜ ਕੀਤੇ ਗਏ ਇਸ ਮਾਮਲੇ ਵਿੱਚ ਪੁਲਿਸ ਹੁਣ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਸ ਸਾਜ਼ਿਸ਼ ਵਿੱਚ ਸ਼ਾਮਲ ਹੋਰ ਵਿਅਕਤੀਆਂ ਤੱਕ ਪਹੁੰਚਿਆ ਜਾ ਸਕੇ।
Read More : ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਮਜੀਠੀਆ ਤੇ ਗੁਲਾਟੀ ਅਦਾਲਤ ‘ਚ ਪੇਸ਼
