ਏਮਜ਼ ਦਿੱਲੀ ਵਿਚ ਹੋਇਆ ਦਿਹਾਂਤ; 11 ਸਾਲਾਂ ਤੋਂ ਕੋਮਾ ਵਿਚ ਰਹਿਣ ਤੋਂ ਬਾਅਦ ਜੀਵਨ ਰਖਿਆ ਪ੍ਰਣਾਲੀ ਹੌਲੀ-ਹੌਲੀ ਹਟਾਈ ਗਈ
ਨਵੀਂ ਦਿੱਲੀ, 24 ਮਾਰਚ : ਭਾਰਤ ਵਿੱਚ ਇੱਛਾਮੌਤ ਦੀ ਇਜਾਜ਼ਤ ਮਿਲਣ ਵਾਲੇ ਪਹਿਲੇ ਵਿਅਕਤੀ ਹਰੀਸ਼ ਰਾਣਾ ਦਾ ਮੰਗਲਵਾਰ ਨੂੰ ਏਮਜ਼-ਦਿੱਲੀ ਵਿੱਚ ਦੇਹਾਂਤ ਹੋ ਗਿਆ। 31 ਸਾਲ ਦਾ ਹਰੀਸ਼ 2013 ਤੋਂ ਕੋਮਾ ਵਿੱਚ ਸੀ, ਜਦੋਂ ਉਹ ਪੰਜਾਬ ਯੂਨੀਵਰਸਿਟੀ ਵਿੱਚ ਬੀ.ਟੈਕ. ਦੀ ਪੜ੍ਹਾਈ ਕਰਦੇ ਹੋਏ ਚੌਥੀ ਮੰਜ਼ਿਲ ਤੋਂ ਡਿੱਗ ਕੇ ਗੰਭੀਰ ਸਿਰ ਦੀ ਸੱਟ ਦਾ ਸ਼ਿਕਾਰ ਹੋ ਗਿਆ ਸੀ।
ਸੁਪਰੀਮ ਕੋਰਟ ਨੇ 11 ਮਾਰਚ ਨੂੰ ਇਤਿਹਾਸਕ ਫ਼ੈਸਲਾ ਸੁਣਾਉਂਦੇ ਹੋਏ ਹਰੀਸ਼ ਲਈ ਇੱਛਾਮੌਤ ਦੀ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ 14 ਮਾਰਚ ਨੂੰ ਉਸ ਨੂੰ ਏਮਜ਼ ਦੇ ਪੈਲੀਏਟਿਵ ਕੇਅਰ ਯੂਨਿਟ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾ. ਸੀਮਾ ਮਿਸ਼ਰਾ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੈਡੀਕਲ ਟੀਮ ਨੇ ਹੌਲੀ-ਹੌਲੀ ਜੀਵਨ ਰਖਿਆ ਪ੍ਰਣਾਲੀ ਹਟਾਉਣ ਦੀ ਪ੍ਰਕਿਰਿਆ ਪੂਰੀ ਕੀਤੀ।
ਹਰੀਸ਼ ਦੇ ਪਿਤਾ ਅਸ਼ੋਕ ਰਾਣਾ ਨੇ ਭਾਵੁਕ ਹੁੰਦਿਆਂ ਕਿਹਾ, “ਇਹ ਫ਼ੈਸਲਾ ਸਾਡੇ ਪਰਿਵਾਰ ਲਈ ਕੋਈ ਨਿੱਜੀ ਲਾਭ ਨਹੀਂ ਲਿਆਉਂਦਾ, ਪਰ ਹੋਰ ਪਰਿਵਾਰਾਂ ਲਈ ਰਾਹ ਸੁਝਾਏਗਾ। ਹਰੀਸ਼ ਦੀ ਇੱਜ਼ਤ ਮੁੜ ਬਹਾਲ ਹੋਵੇਗੀ।”
ਸੁਪਰੀਮ ਕੋਰਟ ਨੇ ਆਪਣੇ ਹੁਕਮ ਵਿੱਚ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਸੀ, “ਉਸ ਦਾ ਪਰਿਵਾਰ ਕਦੇ ਵੀ ਉਸਦੇ ਨਾਲੋਂ ਦੂਰ ਨਹੀਂ ਹੋਇਆ। ਇਹ ਪਿਆਰ ਅਤੇ ਸਮਰਪਣ ਦੀ ਮਿਸਾਲ ਹੈ।” ਇਸ ਦੇ ਨਾਲ ਹੀ ਕੋਰਟ ਨੇ ਕੇਂਦਰ ਸਰਕਾਰ ਨੂੰ ਪੈਸਿਵ ਯੂਥੇਨੇਸ਼ੀਆ (Passive Euthanasia) ’ਤੇ ਵਿਸਤ੍ਰਿਤ ਕਾਨੂੰਨ ਬਣਾਉਣ ਦੀ ਸਿਫ਼ਾਰਸ਼ ਵੀ ਕੀਤੀ ਹੈ।
Read More : ਅੰਮ੍ਰਿਤਪਾਲ ਸਿੰਘ ਦੀ ਸੰਸਦੀ ਮੈਂਬਰੀ ਨੂੰ ਤੁਰੰਤ ਕੋਈ ਖ਼ਤਰਾ ਨਹੀਂ : ਕੇਂਦਰ ਸਰਕਾਰ
