C. I. A. staff

ਖੜ੍ਹੇ ਟਰੱਕ ਨਾਲ ਟਕਰਾਈ ਸੀ. ਆਈ. ਏ. ਸਟਾਫ ਦੀ ਗੱਡੀ

ਏ. ਐੱਸ. ਆਈ. ਦੀ ਮੌਤ, ਇੰਸਪੈਕਟਰ ਸਮੇਤ 4 ਮੁਲਾਜ਼ਮ ਜ਼ਖਮੀ

ਸ੍ਰੀ ਮੁਕਤਸਰ ਸਾਹਿਬ, 17 ਜੂਨ : ਪਟਿਆਲਾ ਦੇ ਰਾਜਪੁਰਾ ’ਚ ਰੇਡ ਮਾਰ ਕੇ ਵਾਪਸ ਸ੍ਰੀ ਮੁਕਤਸਰ ਸਾਹਿਬ ਆ ਰਹੇ ਸੀ. ਆਈ. ਏ. ਸਟਾਫ ਟੀਮ ਦਾ ਰਾਮਪੁਰਾ ਫੂਲ (ਬਠਿੰਡਾ) ਕੋਲ ਭਿਆਨਕ ਸੜਕ ਹਾਦਸਾ ਹੋ ਗਿਆ।

ਹਾਦਸੇ ’ਚ ਸ੍ਰੀ ਮੁਕਤਸਰ ਸਾਹਿਬ ਦੇ ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਜਲੰਧਰ ਸਿੰਘ ਦੀ ਮੌਤ ਹੋ ਗਈ। ਜਦਕਿ ਇੰਸਪੈਕਟਰ ਰਾਜਵੀਰ ਸਿੰਘ ਸਮੇਤ 4 ਪੁਲਸ ਕਰਮਚਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇੰਸ. ਰਾਜਵੀਰ ਸਿੰਘ ਪੁੱਤਰ ਗੁਰਪਿਆਰ ਸਿੰਘ ਵਾਸੀ ਫਰੀਦਕੋਟ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।

ਜਾਣਕਾਰੀ ਮੁਤਾਬਕ ਸੀ. ਆਈ. ਏ. ਸਟਾਫ ਦੀ ਟੀਮ ਸਰਕਾਰੀ ਸਕਾਰਪਿਓ ਗੱਡੀ ’ਚ ਸਵੇਰੇ ਲਗਭਗ 4 ਵਜੇ ਪਟਿਆਲਾ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਹੀ ਸੀ। ਇਸ ਦੌਰਾਨ ਉਨ੍ਹਾਂ ਦੀ ਗੱਡੀ ਰਾਮਪੁਰਾ ਫੂਲ ਬਠਿੰਡਾ ਨੇੜੇ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਗੱਡੀ ਦਾ ਅਗਲਾ ਹਿੱਸਾ ਟਰੱਕ ਦੇ ਹੇਠਾਂ ਵੜ੍ਹ ਗਿਆ ਅਤੇ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਗੱਡੀ ਨੂੰ ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਜਲੰਧਰ ਸਿੰਘ ਚਲਾ ਰਹੇ ਸਨ, ਜਦਕਿ ਸੀ. ਆਈ. ਏ. ਇੰਚਾਰਜ ਇੰਸ. ਰਾਜਵੀਰ ਸਿੰਘ ਉਸ ਦੇ ਨਾਲ ਅੱਗੇ ਵਾਲੀ ਸੀਟ ’ਤੇ ਬੈਠੇ ਸਨ।

ਹਾਦਸੇ ’ਚ ਏ. ਐੱਸ. ਆਈ. ਜਲੰਧਰ ਸਿੰਘ ਦੀ ਮੌਤ ਹੋ ਗਈ, ਜਦਕਿ ਇੰਸਪੈਕਟਰ ਰਾਜਵੀਰ ਸਿੰਘ ਸਮੇਤ 4 ਪੁਲਸ ਕਰਮਚਾਰੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੂਤਰਾਂ ਅਨੁਸਾਰ ਪਤਾ ਲੱਗਿਆ ਹੈ ਕਿ ਇਹ ਟੀਮ ਰਾਜਪੁਰਾ ’ਚ ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਦੀ ਗ੍ਰਿਫਤਾਰੀ ਲਈ ਰੇਡ ਮਾਰਨ ਗਈ ਸੀ।

ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਬੱਸ ਸਟੈਂਡ ਚੌਕੀ ਸਾਹਮਣੇ ਸ਼ਿਵ ਸੈਨਾ ਦੇ ਧਰਨੇ ਦੌਰਾਨ ਸਿੱਖ ਨੌਜਵਾਨ ਨਾਲ ਕੁੱਟਮਾਰ ਕਰਨ ’ਤੇ ਸ਼ਿਵ ਸੈਨਾ ਦੇ ਸੂਬਾ ਪ੍ਰਧਾਨ, ਜ਼ਿਲਾ ਪ੍ਰਧਾਨ ਅਤੇ ਸ਼ਿਵ ਸੈਨਾ ਵਰਕਰਾਂ ’ਤੇ ਕੇਸ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ ਪੁਲਸ ਨੇ ਜ਼ਿਲਾ ਪ੍ਰਧਾਨ ਸਮੇਤ ਲਗਭਗ 9 ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਸੂਬਾ ਪ੍ਰਧਾਨ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Read More : ਕਮਲ ਕੌਰ ਕਤਲ ਮਾਮਲੇ ’ਚ ਖੁਲਾਸਾ

Leave a Reply

Your email address will not be published. Required fields are marked *