ਗੋਪੀ ਨਿੱਝਰ

ਢਿੱਲਵਾਂ ‘ਚ ਗੋਪੀ ਨਿੱਝਰ ਦਾ ਗੋਲੀਆਂ ਮਾਰ ਕੇ ਕਤਲ

ਸੁੱਖਾ ਕਾਹਲਵਾਂ ਕਤਲ ਕੇਸ ਦਾ ਮੁੱਖ ਗਵਾਹ ਸੀ ਮ੍ਰਿਤਕ; ਗੈਂਗਸਟਰ ਡੋਨੀ ਬਲ ਗੈਂਗ ਨੇ ਲਈ ਜ਼ਿੰਮੇਵਾਰੀ

ਕਪੂਰਥਲਾ,, 1 ਮਈ : ਕਪੂਰਥਲਾ ਦੇ ਢਿੱਲਵਾਂ ਇਲਾਕੇ ਵਿਚ ਜੀ. ਟੀ. ਰੋਡ ‘ਤੇ ਦੇਰ ਰਾਤ ਇਕ ਖ਼ੂਨੀ ਵਾਰਦਾਤ ਵਾਪਰੀ, ਜਿਸ ਵਿੱਚ ਅਣਪਛਾਤੇ ਹਮਲਾਵਰਾਂ ਨੇ ਕਾਰ ਵਿੱਚ ਬੈਠੇ ਨੌਜਵਾਨ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿੱਝਰ ਨੂੰ ਨਿਸ਼ਾਨਾ ਬਣਾ ਕੇ ਗੋਲ਼ੀਆਂ ਨਾਲ ਭੁੰਨ ਦਿੱਤਾ। ਇਸ ਕਤਲ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਇਸ ਕਤਲ ਕੇਸ ਵਿਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਗੈਂਗਸਟਰ ਡੋਨੀ ਬਲ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ। ਡੋਨੀ ਬਲ ਨੇ ਲਿਖਿਆ ਕਿ ਇਸ ਕਤਲ ਦੀ ਜ਼ਿੰਮੇਵਾਰੀ ਉਹ ਖ਼ੁਦ (ਡੋਨੀ ਬੱਲ), ਮੁਹਬੱਤ ਰੰਧਾਵਾ, ਅਮਰ ਖਾਬੇ, ਪ੍ਰਭ ਦਸੁਵਾਲ, ਬਿੱਲਾ ਮੰਗਾ ਅਤੇ ਸ਼ਗਨਪ੍ਰੀਤ ਲੈਂਦੇ ਹਨ।

ਪੋਸਟ ਵਿੱਚ ਇਲਜ਼ਾਮ ਲਾਇਆ ਗਿਆ ਕਿ ਮ੍ਰਿਤਕ ਉਹਨਾਂ ਦੇ ਵਿਰੋਧੀ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਸੀ ਅਤੇ ਸਿੱਧੂ ਮੂਸੇਵਾਲਾ ਦੇ ਕਤਲ ‘ਤੇ ਖ਼ੁਸ਼ੀ ਮਨਾਉਂਦਾ ਸੀ। ਪੋਸਟ ਵਿੱਚ ‘ਬਦਲਾ’ ਲੈਣ ਦੀ ਗੱਲ ਕਹਿੰਦਿਆਂ ਹੋਰਨਾਂ ਨੂੰ ਵੀ ਧਮਕੀ ਦਿੱਤੀ ਗਈ ਹੈ (ਹਾਲਾਂਕਿ ਜਗ ਬਾਣੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ)।

ਮ੍ਰਿਤਕ ਗੋਪੀ ਨਿੱਝਰ ਗੈਂਗਸਟਰ ਸੁੱਖਾ ਕਾਹਲਵਾਂ ਕਤਲ ਕੇਸ (2015) ਵਿਚ ਇਕ ਮੁੱਖ ਗਵਾਹ ਸੀ। ਮ੍ਰਿਤਕ ਦੀ ਮਾਤਾ ਅਤੇ ਪਰਿਵਾਰਕ ਮੈਂਬਰਾਂ ਨੇ ਰੋਂਦੇ ਹੋਏ ਦੱਸਿਆ ਕਿ ਗੋਪੀ ਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਅਤੇ ਉਹ ਹਮਲੇ ਦਾ ਸ਼ਿਕਾਰ ਵੀ ਹੋ ਚੁੱਕਾ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਜੇਕਰ ਪੁਲਿਸ ਨੇ ਸਮੇਂ ਸਿਰ ਸੁਰੱਖਿਆ ਮੁਹੱਈਆ ਕਰਵਾਈ ਹੁੰਦੀ ਤਾਂ ਘਰ ਦਾ ਚਿਰਾਗ ਬੁੱਝਣ ਤੋਂ ਬਚ ਸਕਦਾ ਸੀ।

ਸੂਚਨਾ ਮਿਲਣ ‘ਤੇ ਪੁਲਿਸ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਮ੍ਰਿਤਕ ਵਿਰੁੱਧ ਪਹਿਲਾਂ ਵੀ ਹਥਿਆਰਾਂ, ਡਕੈਤੀ ਅਤੇ ਐਨ. ਡੀ. ਪੀ. ਐਸ. ਐਕਟ ਤਹਿਤ ਤਿੰਨ ਮਾਮਲੇ ਦਰਜ ਸਨ।

ਜਾਂਚ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Read More : ਅਟਾਰੀ ਸਰਹੱਦ ‘ਤੇ ਰਿਟਰੀਟ ਸੈਰੇਮਨੀ ਦੇ ਸਮੇਂ ‘ਚ ਬਦਲਾਅ

Leave a Reply

Your email address will not be published. Required fields are marked *