AGTF ਅਤੇ ਮੋਹਾਲੀ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਹਥਿਆਰਾਂ ਸਮੇਤ ਦਬੋਚਿਆ ਮੁਲਜ਼ਮ
ਮੋਹਾਲੀ, 1 ਮਈ : ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਮੋਹਾਲੀ ਪੁਲਿਸ ਨਾਲ ਮਿਲ ਕੇ ਇੱਕ ਵੱਡੇ ਆਪ੍ਰੇਸ਼ਨ ਦੌਰਾਨ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੇ ਇੱਕ ਮੁੱਖ ਸੰਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਇੱਕ .32 ਬੋਰ ਦਾ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਮੁੱਢਲੀ ਪੁੱਛਗਿੱਛ ਦੌਰਾਨ ਇਹ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਕੀਤਾ ਮੁਲਜ਼ਮ ਸਰਹੱਦ ਪਾਰ ਬੈਠੇ ਗੈਂਗਸਟਰ ਹੈਂਡਲਰਾਂ ਦੇ ਸਿੱਧੇ ਸੰਪਰਕ ਵਿੱਚ ਸੀ। ਉਹ ਇਨ੍ਹਾਂ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ ‘ਤੇ ਟ੍ਰਾਈਸਿਟੀ (ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ) ਖੇਤਰ ਵਿੱਚ ਕਿਸੇ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸੀ।
ਜਾਂਚ ਏਜੰਸੀਆਂ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਨੂੰ ਟ੍ਰਾਈਸਿਟੀ ਦੇ ਕਈ ਸੰਭਾਵੀ ਨਿਸ਼ਾਨੇ ਸੌਂਪੇ ਗਏ ਸਨ। ਉਹ ਆਪਣੇ ਆਕਾਵਾਂ ਦੇ ਨਿਰਦੇਸ਼ਾਂ ‘ਤੇ ਇਨ੍ਹਾਂ ਨਿਸ਼ਾਨਿਆਂ ਦੀ ਜਾਸੂਸੀ (Recce) ਕਰ ਰਿਹਾ ਸੀ। ਸੂਤਰਾਂ ਮੁਤਾਬਕ, ਮੁਲਜ਼ਮ ਨੂੰ ਹਥਿਆਰ ਵੀ ਵਿਸ਼ੇਸ਼ ਤੌਰ ‘ਤੇ ਇਸ ਲਈ ਮੁਹੱਈਆ ਕਰਵਾਏ ਗਏ ਸਨ ਤਾਂ ਜੋ ਉਹ ਨਿਰਧਾਰਤ ਸਮੇਂ ‘ਤੇ ਮਿੱਥੇ ਹੋਏ ਨਿਸ਼ਾਨਿਆਂ ‘ਤੇ ਹਮਲਾ ਕਰ ਸਕੇ।
ਪੁਲਿਸ ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਦੇ ਹੋਰ ਕਿਹੜੇ-ਕਿਹੜੇ ਗੈਂਗਸਟਰਾਂ ਨਾਲ ਸਬੰਧ ਹਨ ਅਤੇ ਉਸ ਦੇ ਅਗਲੇ ਨਿਸ਼ਾਨੇ ਕੌਣ ਸਨ। ਇਸ ਗ੍ਰਿਫ਼ਤਾਰੀ ਨਾਲ ਟ੍ਰਾਈਸਿਟੀ ਵਿੱਚ ਇੱਕ ਵੱਡਾ ਖ਼ਤਰਾ ਟਲ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਹੋਰ ਵੀ ਕਈ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।
Read More : ਢਿੱਲਵਾਂ ‘ਚ ਗੋਪੀ ਨਿੱਝਰ ਦਾ ਗੋਲੀਆਂ ਮਾਰ ਕੇ ਕਤਲ
