Delhi Gurdwara Committee

ਗੁਰੂ ਤੇਗ ਬਹਾਦਰ ਖਾਲਸਾ ਕਾਲਜ ’ਚ ਗੁਰਮੁਖੀ ਲਿਪੀ ਦੇ ਖੋਜ ਕੇਂਦਰ ਦਾ ਰੱਖਿਆ ਨੀਂਹ ਪੱਥਰ

ਗੁਰਮੁਖੀ ਸਿਰਫ ਇਕ ਲਿਪੀ ਨਹੀਂ, ਇਹ ਸਾਡੀ ਸੋਚ, ਸੰਸਕ੍ਰਿਤੀ ਤੇ ਸਾਡੀ ਪਛਾਣ ਹੈ : ਸਿਰਸਾ

ਦਿੱਲੀ, 13 ਜਨਵਰੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਖਾਲਸਾ ਕਾਲਜ ’ਚ ਗੁਰਮੁਖੀ ਲਿਪੀ ਦੇ ਖੋਜ ਕੇਂਦਰ ਦਾ ਨੀਂਹ ਪੱਥਰ ਰੱਖਿਆ ਗਿਆ।

ਇਸ ਮੌਕੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂ ਕਿ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਸਮਾਗਮ ’ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਤਿੰਨਾਂ ਆਗੂਆਂ ਨੇ ਸਾਂਝੇ ਤੌਰ ’ਤੇ ਇਸ ਕੇਂਦਰ ਦਾ ਨੀਂਹ ਪੱਥਰ ਰੱਖਿਆ।

ਇਸ ਮੌਕੇ ਮੁੱਖ ਮਹਿਮਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਗੁਰਮੁਖੀ ਸਿਰਫ ਇਕ ਲਿਪੀ ਹੀ ਨਹੀਂ, ਇਹ ਸਾਡੀ ਸੋਚ, ਸਾਡੀ ਸੰਸਕ੍ਰਿਤੀ ਅਤੇ ਸਾਡੀ ਪਛਾਣ ਵੀ ਹੈ। ਉਨ੍ਹਾਂ ਕਿਹਾ ਕਿ ਇਹ ਲਿਪੀ ਗੁਰੂ ਸਾਹਿਬ ਵੱਲੋਂ ਸਾਨੂੰ ਬਖਸ਼ਿਸ਼ ਕੀਤੀ ਗਈ ਹੈ, ਜੋ ਸਾਡੀ ਮਾਂ ਬੋਲੀ ਹੈ। ਅੱਜ ਪੰਜਾਬੀ ਆਪਣੀ ਮਾਂ ਬੋਲੀ ਦੀ ਬਦੌਲਤ ਹੀ ਦੇਸ਼ਾਂ-ਵਿਦੇਸ਼ਾਂ ’ਚ ਨਾਮ ਕਮਾ ਰਹੇ ਹਨ। ਇਸ ਗੁਰਮੁਖੀ ਲਿਪੀ ਨੇ ਸਾਨੂੰ ਇਕ ਨਿਆਰੀ ਪਛਾਣ ਦਿੱਤੀ ਹੈ ਤੇ ਅੱਜ ਸਾਰੀ ਦੁਨੀਆ ਇਸ ਗੱਲ ਨੂੰ ਮੰਨ ਰਹੀ ਹੈ ਕਿ ਮਨੁੱਖਤਾ ’ਤੇ ਦੁਨੀਆ ਭਰ ’ਚ ਜਦੋਂ ਕੋਈ ਸੰਕਟ ਆਉਂਦਾ ਹੈ ਤਾਂ ਸਿੱਖ ਕੌਮ ਸਭ ਤੋਂ ਪਹਿਲਾਂ ਅੱਗੇ ਹੋ ਕੇ ਮਨੁੱਖਤਾ ਦੀ ਸੇਵਾ ਕਰਦੀ ਹੈ।

ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਖੋਜ ਕੇਂਦਰ ’ਚ ਚੰਗੇ ਤੋਂ ਚੰਗੇ ਅਧਿਆਪਕ ਲਗਾ ਕੇ ਗੁਰਮੁਖੀ ਲਿਪੀ ’ਤੇ ਖੋਜ ਹੋਵੇਗੀ ਤੇ ਖੋਜ ਤਾਂ ਹੀ ਸੰਭਵ ਹੈ ਜੇਕਰ ਅਸੀਂ ਭਾਸ਼ਾ ਨੂੰ ਆਪਣੇ ਅੰਦਰ ਧਾਰ ਲਈਏ।

ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਕੇ. ਪੀ., ਆਤਮਾ ਸਿੰਘ ਲੁਬਾਣਾ ਜੂਨੀਅਰ ਮੀਤ ਪ੍ਰਧਾਨ, ਜਸਮੇਨ ਸਿੰਘ ਨੋਨੀ ਸਕੱਤਰ, ਕਾਲਜ ਦੇ ਚੇਅਰਮੈਨ ਪਦਮ ਭੂਸ਼ਣ ਤਰਲੋਚਨ ਸਿੰਘ, ਇੰਦਰਪ੍ਰੀਤ ਸਿੰਘ ਕੋਛੜ ਖ਼ਜ਼ਾਨਚੀ, ਉਪ ਚੇਅਰਮੈਨ ਰਿਸ਼ੀਪ੍ਰੀਤ ਸਿੰਘ ਸਚਦੇਵਾ, ਪ੍ਰਿੰਸੀਪਲ ਪ੍ਰੋ. ਗੁਰਮੋਹਿੰਦਰ ਸਿੰਘ ਅਤੇ ਵਾਈਸ ਪ੍ਰਿੰਸੀਪਲ ਹਰਬੰਸ ਸਿੰਘ ਸਮੇਤ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।

Read More : ਵਿੱਤ ਵਿਭਾਗ ਦਾ ਸੁਪਰਡੈਂਟ ਬਰਖ਼ਾਸਤ, 3 ਮੁਲਾਜ਼ਮ ਮੁਅੱਤਲ

Leave a Reply

Your email address will not be published. Required fields are marked *