ਸੁਖਬੀਰ ਬਾਦਲ ਨੇ ਕੀਤਾ ਸਵਾਗਤ; ਚੀਮਾ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਮਮਤਾ ਬੈਨਰਜੀ ਨਾਲ ਨਿਭਾਈਆਂ ਹਨ ਅਹਿਮ ਸੇਵਾਵਾਂ
ਚੰਡੀਗੜ੍ਹ, 19 ਮਾਰਚ : ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਸਾਬਕਾ ਸੀਨੀਅਰ ਆਈ.ਏ.ਐਸ. ਅਧਿਕਾਰੀ ਕੇ.ਜੇ.ਐਸ. ਚੀਮਾ ਪਾਰਟੀ ਵਿੱਚ ਸ਼ਾਮਲ ਹੋ ਗਏ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਕਰਵਾਇਆ। ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਇਸ ਨੂੰ ਮਾਣ ਵਾਲਾ ਪਲ ਦੱਸਿਆ ਅਤੇ ਕਿਹਾ ਕਿ ਚੀਮਾ ਦਾ ਵਿਸ਼ਾਲ ਪ੍ਰਸ਼ਾਸਕੀ ਤਜ਼ਰਬਾ ਅਕਾਲੀ ਦਲ ਲਈ ਵੱਡੀ ਤਾਕਤ ਸਾਬਤ ਹੋਵੇਗਾ।
ਕੇ.ਜੇ.ਐਸ. ਚੀਮਾ ਦਾ ਪ੍ਰਸ਼ਾਸਕੀ ਸਫ਼ਰ ਬਹੁਤ ਪ੍ਰਭਾਵਸ਼ਾਲੀ ਰਿਹਾ ਹੈ। ਉਨ੍ਹਾਂ ਨੇ 10 ਸਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਸੇਵਾ ਨਿਭਾਈ ਅਤੇ 7 ਸਾਲ ਪੰਜਾਬ ਸਰਕਾਰ ਦੇ ਹੋਰ ਅਹਿਮ ਅਹੁਦਿਆਂ ‘ਤੇ ਰਹੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਕੇਂਦਰ ਵਿੱਚ ਤਤਕਾਲੀ ਸਪੀਕਰ ਸੋਮਨਾਥ ਚੈਟਰਜੀ ਦੇ ਸਕੱਤਰ ਵਜੋਂ 5 ਸਾਲ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵਧੀਕ ਮੁੱਖ ਸਕੱਤਰ ਵਜੋਂ 4 ਸਾਲ ਕੰਮ ਕੀਤਾ ਹੈ।
ਭਾਰਤੀ ਫੌਜ ਵਿੱਚ ਸਾਬਕਾ ਕੈਪਟਨ ਰਹਿ ਚੁੱਕੇ ਕੇ.ਜੇ.ਐਸ. ਚੀਮਾ ਦੇ ਅਨੁਸ਼ਾਸਨ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਉਨ੍ਹਾਂ ਦੇ ਗਿਆਨ ਤੋਂ ਲਾਭ ਉਠਾਏਗੀ। ਉਨ੍ਹਾਂ ਚੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੀ ਉਸ ਇੱਕੋ-ਇੱਕ ਖੇਤਰੀ ਪਾਰਟੀ ਨੂੰ ਚੁਣਿਆ ਹੈ ਜਿਸ ਦਾ ਸੇਵਾ ਅਤੇ ਕੁਰਬਾਨੀ ਦਾ 105 ਸਾਲ ਪੁਰਾਣਾ ਸ਼ਾਨਦਾਰ ਇਤਿਹਾਸ ਹੈ।
Read More : ਮੁੱਖ ਮੰਤਰੀ ਨਾਇਬ ਸੈਣੀ ਨੇ ਪਰਿਵਾਰ ਸਮੇਤ ਮਾਤਾ ਮਨਸਾ ਦੇਵੀ ਮੰਦਰ ‘ਚ ਟੇਕਿਆ ਮੱਥਾ
