ਜੀਐਸਟੀ ਅਤੇ ਆਬਕਾਰੀ ਮਾਲੀਏ ਵਿੱਚ ਇਤਿਹਾਸਕ ਵਾਧਾ; ਇਨਫੋਰਸਮੈਂਟ ਵਿੰਗ ਨੇ ਜੁਰਮਾਨਾ ਵਸੂਲੀ ਵਿਚ ਦਰਜ ਕੀਤੀ 6 ਗੁਣਾ ਤੇਜ਼ੀ
ਚੰਡੀਗੜ੍ਹ, 17 ਅਪ੍ਰੈਲ : ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਵਿਭਾਗ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਲਈ 2.21 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀਆਂ 25 ਨਵੀਆਂ ਬਲੈਰੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਵਾਹਨ ਵੱਖ-ਵੱਖ ਜ਼ਿਲ੍ਹਿਆਂ, ਇਨਫੋਰਸਮੈਂਟ ਵਿੰਗਾਂ ਅਤੇ ਮੋਬਾਈਲ ਯੂਨਿਟਾਂ ਵਿੱਚ ਤਾਇਨਾਤ ਕੀਤੇ ਜਾਣਗੇ ਤਾਂ ਜੋ ਟੈਕਸ ਚੋਰੀ ਰੋਕਣ ਲਈ ਨਿਗਰਾਨੀ ਨੂੰ ਹੋਰ ਸਖ਼ਤ ਕੀਤਾ ਜਾ ਸਕੇ।
ਵਿੱਤ ਮੰਤਰੀ ਨੇ ਵਿਭਾਗ ਦੀਆਂ ਪ੍ਰਾਪਤੀਆਂ ਸਾਂਝੀਆਂ ਕਰਦਿਆਂ ਦੱਸਿਆ ਕਿ ਵਿੱਤੀ ਸਾਲ 2025-26 ਦੌਰਾਨ ਟੈਕਸ ਉਗਰਾਹੀ ਵਿੱਚ ਸ਼ਾਨਦਾਰ ਵਾਧਾ ਹੋਇਆ ਹੈ। ਕੁੱਲ ਜੀ.ਐਸ.ਟੀ. ਕੁਲੈਕਸ਼ਨ 11.87% ਵਾਧੇ ਨਾਲ 27,744.05 ਕਰੋੜ ਰੁਪਏ ਤੱਕ ਪਹੁੰਚ ਗਈ ਹੈ, ਜਦੋਂ ਕਿ ਆਬਕਾਰੀ ਮਾਲੀਆ 9.15% ਵਾਧੇ ਨਾਲ 11,736.57 ਕਰੋੜ ਰੁਪਏ ਰਿਹਾ ਹੈ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਦੱਸਿਆ ਕਿ ਇਨਫੋਰਸਮੈਂਟ ਗਤੀਵਿਧੀਆਂ ਰਾਹੀਂ ਹੋਣ ਵਾਲੀ ਜੁਰਮਾਨਾ ਵਸੂਲੀ ਵਿੱਚ ਵੱਡੀ ਸਫ਼ਲਤਾ ਮਿਲੀ ਹੈ, ਜੋ ਪਿਛਲੇ ਸਾਲ ਦੇ 321.04 ਕਰੋੜ ਰੁਪਏ ਤੋਂ ਵੱਧ ਕੇ ਹੁਣ 1,384.09 ਕਰੋੜ ਰੁਪਏ ਹੋ ਗਈ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਨਵੀਆਂ ਗੱਡੀਆਂ ਅਧਿਕਾਰੀਆਂ ਨੂੰ ਫੀਲਡ ਵਿੱਚ ਤੁਰੰਤ ਨਿਰੀਖਣ ਅਤੇ ਜਾਂਚ ਦੇ ਯੋਗ ਬਣਾਉਣਗੀਆਂ। ਇਸ ਨਾਲ ਅੰਤਰ-ਰਾਜੀ ਮਾਲ ਦੀ ਆਵਾਜਾਈ ‘ਤੇ ਨਜ਼ਰ ਰੱਖਣਾ ਆਸਾਨ ਹੋਵੇਗਾ ਅਤੇ ਰੀਅਲ-ਟਾਈਮ ਨਿਗਰਾਨੀ ਰਾਹੀਂ ਟੈਕਸ ਚੋਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਟੈਕਸ ਢਾਂਚੇ ਨੂੰ ਮਜ਼ਬੂਤ ਅਤੇ ਪਾਰਦਰਸ਼ੀ ਬਣਾਉਣ ਲਈ ਵਚਨਬੱਧ ਹੈ।
Read More : ਪੰਜਾਬ ਕੈਬਨਿਟ ਦਾ ਵੱਡਾ ਫੈਸਲਾ: 6 ਜ਼ਿਲ੍ਹਿਆਂ ਦੇ ਰਾਖਵਾਂਕਰਨ ਰੋਸਟਰ ਵਿਚ ਬਦਲਾਅ ਨੂੰ ਮਨਜ਼ੂਰੀ
