suspended DIG Bhullar

ਈਡੀ ਵੱਲੋਂ ਸਾਬਕਾ ਡੀਆਈਜੀ ਹਰਚਰਨ ਭੁੱਲਰ ਦੇ ਟਿਕਾਣਿਆਂ ‘ਤੇ ਛਾਪੇਮਾਰੀ

ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਮਾਮਲੇ ‘ਚ ਕਾਰਵਾਈ

ਚੰਡੀਗੜ੍ਹ, 27 ਅਪ੍ਰੈਲ : ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਘਿਰੇ ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅੱਜ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਘਰ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿਚ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ (PMLA), 2002 ਦੇ ਤਹਿਤ ਕੀਤੀ ਜਾ ਰਹੀ ਹੈ।

11 ਥਾਵਾਂ ‘ਤੇ ਚੱਲ ਰਹੀ ਹੈ ਜਾਂਚ

ਈਡੀ ਵੱਲੋਂ ਕੁੱਲ 11 ਵੱਖ-ਵੱਖ ਟਿਕਾਣਿਆਂ ‘ਤੇ ਤਲਾਸ਼ੀ ਲਈ ਜਾ ਰਹੀ ਹੈ। ਇਨ੍ਹਾਂ ਵਿਚ ਚੰਡੀਗੜ੍ਹ ਵਿਚ ਦੋ, ਲੁਧਿਆਣਾ ਵਿੱਚ ਪੰਜ, ਪਟਿਆਲਾ ਵਿਚ ਦੋ, ਨਾਭਾ ਵਿੱਚ ਇੱਕ ਅਤੇ ਜਲੰਧਰ ਵਿਚ ਇਕ ਥਾਂ ਸ਼ਾਮਲ ਹੈ। ਇਹ ਸਾਰੇ ਟਿਕਾਣੇ ਮੁਲਜ਼ਮ ਅਧਿਕਾਰੀ, ਉਸ ਦੇ ਸਾਥੀਆਂ ਅਤੇ ਸ਼ੱਕੀ ਬੇਨਾਮੀ ਵਿਅਕਤੀਆਂ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ। ਏਜੰਸੀ ਦਾ ਮੁੱਖ ਉਦੇਸ਼ ਅਪਰਾਧ ਦੀ ਕਮਾਈ ਦਾ ਪਤਾ ਲਗਾਉਣਾ ਅਤੇ ਮਨੀ ਲਾਂਡਰਿੰਗ ਨਾਲ ਸਬੰਧਤ ਸਬੂਤ ਇਕੱਠੇ ਕਰਨਾ ਹੈ।

ਪਹਿਲਾਂ ਸੀਬੀਆਈ ਨੇ ਕੀਤੀ ਸੀ ਵੱਡੀ ਰਿਕਵਰੀ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੀਬੀਆਈ (CBI) ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਹਰਚਰਨ ਸਿੰਘ ਭੁੱਲਰ ਦੇ ਘਰ ਅਤੇ ਫਾਰਮ ਹਾਊਸ ਤੋਂ ਵੱਡੀ ਮਾਤਰਾ ਵਿੱਚ ਨਕਦੀ ਅਤੇ ਕੀਮਤੀ ਸਮਾਨ ਬਰਾਮਦ ਕੀਤਾ ਗਿਆ ਸੀ। ਉਸ ਸਮੇਂ 7.36 ਕਰੋੜ ਰੁਪਏ ਨਕਦ, 2.5 ਕਿਲੋ ਸੋਨਾ, ਚਾਂਦੀ ਦੇ ਗਹਿਣੇ, 26 ਲਗਜ਼ਰੀ ਘੜੀਆਂ, ਮਰਸੀਡੀਜ਼ ਅਤੇ ਔਡੀ ਵਰਗੀਆਂ ਮਹਿੰਗੀਆਂ ਗੱਡੀਆਂ ਅਤੇ 50 ਤੋਂ ਵੱਧ ਅਚੱਲ ਜਾਇਦਾਦਾਂ ਦੇ ਦਸਤਾਵੇਜ਼ ਜ਼ਬਤ ਕੀਤੇ ਗਏ ਸਨ।

ਇਸ ਤੋਂ ਇਲਾਵਾ ਚਾਰ ਹਥਿਆਰ ਅਤੇ 108 ਬੋਤਲਾਂ ਵਿਦੇਸ਼ੀ ਸ਼ਰਾਬ ਵੀ ਮਿਲੀ ਸੀ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Read More : ਪੰਜਾਬ ‘ਚ ਮੌਸਮ ਬਦਲਣ ਦੇ ਆਸਾਰ, 4 ਦਿਨ ਮੀਂਹ-ਤੂਫ਼ਾਨ ਦੀ ਭਵਿੱਖਬਾਣੀ

Leave a Reply

Your email address will not be published. Required fields are marked *