ਭਾਜਪਾ ਵਫਦ

ਡੀ.ਐੱਮ. ਰੰਧਾਵਾ ਕੇਸ ’ਚ ਸੀ.ਬੀ.ਆਈ. ਜਾਂਚ ਦੀ ਮੰਗ: ਭਾਜਪਾ ਦਾ ਵਫ਼ਦ ਰਾਜਪਾਲ ਨੂੰ ਮਿਲਿਆ

ਜਾਖੜ ਨੇ ‘ਆਪ’ ਸਰਕਾਰ ’ਤੇ ਸਾਧੇ ਨਿਸ਼ਾਨੇ, ਕਾਂਗਰਸ ’ਤੇ ਲਗਾਇਆ ਆਤਮ-ਸਮਰਪਣ ਕਰਨ ਦੇ ਦੋਸ਼

ਚੰਡੀਗੜ੍ਹ, 25 ਮਾਰਚ: ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਪਾਰਟੀ ਦੇ ਇਕ ਉੱਚ ਪੱਧਰੀ ਵਫ਼ਦ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਫ਼ਦ ਨੇ ਡੀ.ਐੱਮ. ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਪੁਰਜ਼ੋਰ ਮੰਗ ਕੀਤੀ। ਜਾਖੜ ਨੇ ਕਿਹਾ ਕਿ ਜਿਸ ਸਰਕਾਰ ਦੇ ਮੰਤਰੀ ’ਤੇ ਹੀ ਦੋਸ਼ ਹੋਣ, ਉਸ ਤੋਂ ਨਿਰਪੱਖ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਹਮਲਾ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਦੇ ਲੋਕ ਇਨਸਾਫ਼ ਲਈ ਸੜਕਾਂ ’ਤੇ ਹਨ, ਉਦੋਂ ਮੁੱਖ ਮੰਤਰੀ ਆਪਣੇ ਸੁਪਰੀਮੋ ਲਈ ਗੁਜਰਾਤ ’ਚ ਚੋਣ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਸਰਕਾਰ ਦੇ ਮੁੱਖ ਸਕੱਤਰ ਅਤੇ ਡੀ.ਜੀ.ਪੀ. ਸਿਆਸੀ ਰੈਲੀਆਂ ’ਚ ਸਰਗਰਮ ਹੋਣ, ਉੱਥੇ ਕਾਨੂੰਨ ਵਿਵਸਥਾ ਦਾ ਰੱਬ ਹੀ ਰਾਖਾ ਹੈ।

ਜਾਖੜ ਨੇ ਕਾਂਗਰਸ ’ਤੇ ਵੀ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਕਾਂਗਰਸੀ ਆਗੂ ਮੁੱਖ ਮੰਤਰੀ ਦੇ ਦਬਾਅ ਹੇਠ ਆ ਕੇ ਆਪਣੀ ਹੀ ਸੀ.ਬੀ.ਆਈ. ਜਾਂਚ ਦੀ ਮੰਗ ਤੋਂ ਪਿੱਛੇ ਹਟ ਗਏ ਹਨ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਹੁਣ ਪੂਰੀ ਤਰ੍ਹਾਂ ‘ਆਪ’ ਸਰਕਾਰ ਦੀ ਬੋਲੀ ਬੋਲ ਰਹੇ ਹਨ।

ਜਾਖੜ ਨੇ ਚੁਣੌਤੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਨੂੰ ਲੱਗਦਾ ਹੈ ਕਿ ਪੁਰਾਣੇ ਕੇਸਾਂ ਦੀ ਜਾਂਚ ਨਹੀਂ ਹੋਈ, ਤਾਂ ਉਹ ਰੰਧਾਵਾ ਕੇਸ ਦੇ ਨਾਲ-ਨਾਲ ਉਨ੍ਹਾਂ ਕੇਸਾਂ ਨੂੰ ਵੀ ਸੀ.ਬੀ.ਆਈ. ਹਵਾਲੇ ਕਰ ਦੇਣ। ਭਾਜਪਾ ਨੇ ਐਲਾਨ ਕੀਤਾ ਕਿ ਜਦੋਂ ਤੱਕ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

ਇਸ ਮੌਕੇ ਵਫ਼ਦ ’ਚ ਅਸ਼ਵਨੀ ਸ਼ਰਮਾ, ਇਕਬਾਲ ਸਿੰਘ ਲਾਲਪੁਰਾ, ਸੋਮ ਪ੍ਰਕਾਸ਼, ਤੀਕਸ਼ਣ ਸੂਦ, ਮਨਪ੍ਰੀਤ ਸਿੰਘ ਬਾਦਲ, ਕੇਵਲ ਸਿੰਘ ਢਿੱਲੋਂ ਅਤੇ ਹੋਰ ਸੀਨੀਅਰ ਆਗੂ ਮੌਜੂਦ ਸਨ।

Read More : ਅੰਮ੍ਰਿਤਸਰ ’ਚ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼, 7 ਕਿੱਲੋ ਹੈਰੋਇਨ ਸਮੇਤ 2 ਕਾਬੂ

Leave a Reply

Your email address will not be published. Required fields are marked *