ਤਾਪਮਾਨ ਵਿਚ ਸੀਜ਼ਨ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ
ਗੁਰਦਾਸਪੁਰ, 12 ਜਨਵਰੀ : ਮੌਸਮ ਵਿਭਾਗ ਵੱਲੋਂ ਗੁਰਦਾਸਪੁਰ ਜ਼ਿਲੇ ਸਮੇਤ ਪੰਜਾਬ ਦੇ ਕਈ ਜ਼ਿਲਿਆਂ ’ਚ ਆਉਣ ਵਾਲੇ ਦਿਨਾਂ ਦੌਰਾਨ ਸੰਘਣੀ ਧੁੰਦ ਅਤੇ ਸੀਤ ਲਹਿਰ ਚੱਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਸ ਦੇ ਨਾਲ ਹੀ ਅੱਜ ਗੁਰਦਾਸਪੁਰ ਜ਼ਿਲੇ ’ਚ ਤਾਪਮਾਨ ਵਿਚ ਇਸ ਸੀਜ਼ਨ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
ਮੌਸਮ ਮਾਹਿਰਾਂ ਅਨੁਸਾਰ ਅੱਜ ਜ਼ਿਲੇ ਅੰਦਰ ਦਿਨ ਦਾ ਤਾਪਮਾਨ ਲਗਭਗ 13 ਡਿਗਰੀ ਸੈਂਟੀਗਰੇਟ ਰਿਹਾ, ਜਦਕਿ ਰਾਤ ਦਾ ਤਾਪਮਾਨ 3 ਤੋਂ 4 ਡਿਗਰੀ ਸੈਂਟੀਗਰੇਟ ਤੱਕ ਡਿੱਗ ਗਿਆ। ਧੁੱਪ ਨਾ ਨਿਕਲਣ ਕਾਰਨ ਦਿਨ ਦੌਰਾਨ ਵੀ ਠੰਢ ਦੀ ਤੀਬਰਤਾ ਬਣੀ ਰਹੀ, ਜਿਸ ਨਾਲ ਲੋਕਾਂ ਨੂੰ ਕੜਾਕੇ ਦੀ ਸਰਦੀ ਦਾ ਸਾਹਮਣਾ ਕਰਨਾ ਪਿਆ।
ਪੰਜਾਬ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਜਾਰੀ ਚਿਤਾਵਨੀ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਜ਼ਿਲਿਆਂ ’ਚ ਕੜਾਕੇ ਦੀ ਠੰਢੀ ਲਹਿਰ ਚੱਲਣ ਦੀ ਪੂਰੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੋਹਰਾ ਪੈਣ ਅਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਛਾਈ ਰਹਿਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫ਼ਿਰੋਜ਼ਪੁਰ, ਗੁਰਦਾਸਪੁਰ, ਮੋਗਾ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨ ਤਾਰਨ ਜ਼ਿਲਿਆਂ ’ਚ ਇਹ ਮੌਸਮੀ ਹਾਲਾਤ ਵੱਧ ਪ੍ਰਭਾਵਸ਼ਾਲੀ ਰਹਿਣਗੇ। ਅੱਜ ਸਵੇਰ ਤੋਂ ਹੀ ਇਨ੍ਹਾਂ ਇਲਾਕਿਆਂ ’ਚ ਸੰਘਣੀ ਧੁੰਦ ਕਾਰਨ ਦਿੱਖ ਬਹੁਤ ਘੱਟ ਰਹੀ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਸੰਘਣੀ ਧੁੰਦ ਦਾ ਸਭ ਤੋਂ ਵੱਡਾ ਅਸਰ ਸੜਕ ਆਵਾਜਾਈ ’ਤੇ ਵੇਖਣ ਨੂੰ ਮਿਲਿਆ। ਕਈ ਰਾਸ਼ਟਰੀ ਅਤੇ ਰਾਜ ਮਾਰਗਾਂ ’ਤੇ ਵਾਹਨਾਂ ਦੀ ਰਫ਼ਤਾਰ ਕਾਫ਼ੀ ਘੱਟ ਰਹੀ ਅਤੇ ਕੁਝ ਥਾਵਾਂ ’ਤੇ ਜਾਮ ਵਰਗੀ ਸਥਿਤੀ ਵੀ ਬਣੀ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਧੁੰਦ ਦੌਰਾਨ ਬਿਨਾਂ ਲੋੜ ਯਾਤਰਾ ਤੋਂ ਬਚਿਆ ਜਾਵੇ ਅਤੇ ਜੇ ਯਾਤਰਾ ਲਾਜ਼ਮੀ ਹੋਵੇ ਤਾਂ ਧੀਮੀ ਗਤੀ ਨਾਲ ਵਾਹਨ ਚਲਾਏ ਜਾਣ। ਕਿਸੇ ਵੀ ਐਮਰਜੈਂਸੀ ਸਥਿਤੀ ’ਚ ਤੁਰੰਤ 112 ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ। ਕੜਾਕੇ ਦੀ ਠੰਢ ਅਤੇ ਕੋਹਰਾ ਪੈਣ ਕਾਰਨ ਫਸਲਾਂ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਕਿਸਾਨਾਂ ਮੁਤਾਬਕ ਸਬਜ਼ੀਆਂ, ਆਲੂ, ਸਰ੍ਹੋਂ ਅਤੇ ਕੁਝ ਥਾਵਾਂ ’ਤੇ ਕਣਕ ਦੀ ਫਸਲ ’ਤੇ ਕੋਹਰਾ ਪੈਣ ਨਾਲ ਨੁਕਸਾਨ ਹੋ ਸਕਦਾ ਹੈ।
ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਫਸਲਾਂ ਦੀ ਸੁਰੱਖਿਆ ਲਈ ਹਲਕੀ ਸਿੰਚਾਈ ਕੀਤੀ ਜਾਵੇ ਅਤੇ ਲੋੜੀਂਦੀਆਂ ਸਾਵਧਾਨੀਆਂ ਅਪਣਾਈਆਂ ਜਾਣ। ਠੰਢੀ ਲਹਿਰ ਕਾਰਨ ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਵਿਅਕਤੀਆਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।
ਸਿਹਤ ਮਾਹਿਰਾਂ ਵੱਲੋਂ ਲੋਕਾਂ ਨੂੰ ਗਰਮ ਕੱਪੜੇ ਪਹਿਨਣ, ਗਰਮ ਪਾਣੀ ਪੀਣ ਅਤੇ ਲੰਮੇ ਸਮੇਂ ਤੱਕ ਠੰਢ ਅਤੇ ਧੁੰਦ ’ਚ ਰਹਿਣ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਪੰਜਾਬ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਲੋਕਾਂ ਨੂੰ ਅਗਲੇ 24 ਘੰਟਿਆਂ ਦੌਰਾਨ ਮੌਸਮੀ ਚਿਤਾਵਨੀਆਂ ’ਤੇ ਧਿਆਨ ਦੇਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
Read More : ਮਕਰ ਸੰਕ੍ਰਾਂਤੀ ’ਤੇ ਖੁੱਲ੍ਹਣਗੇ ਪੁਰਾਣੀ ਗੁਫਾ ਦੇ ਕਿਵਾੜ
