ਪਰਿਵਾਰਕ ਮੈਂਬਰਾਂ ਨੇ ਜੇਲ ਪ੍ਰਸ਼ਾਸਨ ’ਤੇ ਇਲਾਜ ਲਈ ਅਣਗਹਿਲੀ ਵਰਤਣ ਦੇ ਲਾਏ ਦੋਸ਼
ਬਠਿੰਡਾ, 28 ਜੂਨ : ਬਠਿੰਡਾ ਦੀ ਕੇਂਦਰੀ ਜੇਲ ’ਚ ਜ਼ਿਲਾ ਮਾਨਸਾ ਦੇ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ’ਤੇ ਪਰਿਵਾਰਕ ਮੈਂਬਰਾਂ ਨੇ ਜੇਲ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਾਏ ਹਨ।
ਬਠਿੰਡਾ ਦੀ ਕੇਂਦਰੀ ਜੇਲ ’ਚ ਜੁੂਡੀਸ਼ੀਅਲ ਕਸੱਟਡੀ ਅਧੀਨ ਬੰਦ ਸੁੱਖਾ ਰਾਮ ਦੇ ਭਰਾ ਰਾਜੂ ਵਾਸੀ ਨੰਗਲਾ ਜ਼ਿਲਾ ਮਾਨਸਾ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ ਵੱਲੋਂ ਫੋਨ ਕੀਤਾ ਗਿਆ ਸੀ ਕਿ ਸੁੱਖਾ ਰਾਮ ਦੀ ਤਬੀਅਤ ਖ਼ਰਾਬ ਹੋ ਗਈ ਹੈ ਅਤੇ ਉਸ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ।
ਜੇਲ ਪ੍ਰਸ਼ਾਸਨ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਉਹ ਬਠਿੰਡਾ ਸਿਵਲ ਹਸਪਤਾਲ ਵਿਖੇ ਆਪਣੇ ਭਰਾ ਨੂੰ ਮਿਲਣ ਨਹੀਂ ਪਹੁੰਚੇ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਲ ਪ੍ਰਸ਼ਾਸਨ ਵੱਲੋਂ ਸੁੱਖਾ ਰਾਮ ਦੇ ਇਲਾਜ ’ਚ ਅਣਗਹਿਲੀ ਵਰਤੇ ਜਾਣ ਕਾਰਨ ਉਸ ਦੀ ਮੌਤ ਹੋਈ ਹੈ। ਜੇਕਰ ਸਮਾਂ ਰਹਿੰਦਿਆਂ ਸੁੱਖਾ ਰਾਮ ਦਾ ਜੇਲ ਪ੍ਰਸ਼ਾਸਨ ਵੱਲੋਂ ਇਲਾਜ ਕਰਵਾਇਆ ਜਾਂਦਾ ਤਾਂ ਸ਼ਾਇਦ ਅੱਜ ਉਹ ਜਿੰਦਾ ਹੁੰਦਾ।
ਉਨ੍ਹਾਂ ਕਿਹਾ ਕਿ ਜੇਲ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੋਈ ਸੁੱਖਾ ਰਾਮ ਦੀ ਮੌਤ ਦੀ ਡੁੰੂਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੁੱਖਾ ਰਾਮ ਦੀ ਮੌਤ ਦੇ ਅਸਲ ਤੱਥ ਸਾਹਮਣੇ ਆ ਸਕਣ।
ਦੂਸਰੇ ਪਾਸੇ ਡੀ. ਐੱਸ. ਪੀ. ਸਿਟੀ ਸਰਬਜੀਤ ਸਿੰਘ ਬਰਾੜ ਨੇ ਕਿਹਾ ਕਿ ਜੇਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਸੀ ਕਿ ਸੁੱਖਾ ਰਾਮ ਦੀ ਅਚਾਨਕ ਤਬੀਅਤ ਖ਼ਰਾਬ ਹੋਣ ਤੋਂ ਬਾਅਦ ਮੌਤ ਹੋ ਗਈ ਹੈ। ਇਸ ਮਾਮਲੇ ਸਬੰਧੀ ਜੁੂਡੀਸ਼ੀਅਲ ਮੈਜਿਸਟਰੇਟ ਵੱਲੋਂ ਜਾਂਚ ਆਰੰਭੀ ਗਈ ਹੈ, ਜਾਂਚ ਹੋਣ ਤੋਂ ਬਾਅਦ ਹੀ ਜੋ ਤੱਥ ਸਾਹਮਣੇ ਆਉਣਗੇ, ਉਨ੍ਹਾਂ ਤੱਥਾਂ ਦੇ ਆਧਾਰ ’ਤੇ ਪੁਲਸ ਵੱਲੋਂ ਕਾਰਵਾਈ ਕੀਤੀ ਜਾਵੇਗੀ।
