ਪੋਲਿਓ ਦੇ ਬਾਅਦ ਖਸਰੇ ਨੇ ਮਚਾਈ ਤਬਾਹੀ; ਸਿੰਧ ਸੂਬਾ ਸਭ ਤੋਂ ਵੱਧ ਪ੍ਰਭਾਵਿਤ
ਇਸਲਾਮਾਬਾਦ, 26 ਅਪ੍ਰੈਲ : ਪਾਕਿਸਤਾਨ ਇਸ ਸਮੇਂ ਇਕ ਭਿਆਨਕ ਬਿਮਾਰੀ ਦੀ ਲਪੇਟ ’ਚ ਹੈ, ਜਿਸ ਕਾਰਨ ਹੁਣ ਤੱਕ 71 ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਹੈ। ਪਾਕਿਸਤਾਨ ਪਹਿਲਾਂ ਹੀ ਪੋਲਿਓ ਦੇ ਮਾਮਲਿਆਂ ਨਾਲ ਜੂਝ ਰਿਹਾ ਸੀ ਅਤੇ ਹੁਣ ਖਸਰੇ (Measles) ਨੇ ਬੱਚਿਆਂ ਨੂੰ ਤੇਜ਼ੀ ਨਾਲ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਸਾਲ 2026 ਦੇ ਪਹਿਲੇ ਚਾਰ ਮਹੀਨਿਆਂ ’ਚ ਹੀ ਖਸਰੇ ਕਾਰਨ ਪਾਕਿਸਤਾਨ ’ਚ 71 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸ ਬਿਮਾਰੀ ਨਾਲ ਸਿੰਧ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਿੱਥੇ 40 ਬੱਚਿਆਂ ਦੀ ਮੌਤ ਹੋਈ। ਇਸ ਤੋਂ ਬਾਅਦ ਪੰਜਾਬ ਅਤੇ ਖੈਬਰ ਪਖਤੂਨਖਵਾ ਦਾ ਨੰਬਰ ਆਉਂਦਾ ਹੈ, ਜਿੱਥੇ 12-12 ਬੱਚਿਆਂ ਨੇ ਦਮ ਤੋੜਿਆ, ਜਦਕਿ ਬਲੋਚਿਸਤਾਨ ’ਚ 4 ਬੱਚਿਆਂ ਦੀ ਮੌਤ ਹੋਈ।
ਅੰਕੜਿਆਂ ਅਨੁਸਾਰ ਜਨਵਰੀ ਤੋਂ ਅਪ੍ਰੈਲ 2026 ਤੱਕ ਪਾਕਿਸਤਾਨ ’ਚ ਖਸਰੇ ਦੇ ਕੁੱਲ 4,541 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚ ਖੈਬਰ ਪਖਤੂਨਖਵਾ ’ਚ 1,712, ਪੰਜਾਬ ’ਚ 1,198, ਸਿੰਧ ’ਚ 1,183, ਬਲੋਚਿਸਤਾਨ ’ਚ 17, ਇਸਲਾਮਾਬਾਦ ’ਚ 55, ਪਾਕਿਸਤਾਨ-ਕਬਜ਼ੇ ਵਾਲੇ ਕਸ਼ਮੀਰ ’ਚ 151 ਅਤੇ ਗਿਲਗਿਤ-ਬਾਲਟਿਸਤਾਨ ’ਚ 45 ਮਾਮਲੇ ਸ਼ਾਮਲ ਹਨ।
ਖਸਰੇ ਤੋਂ ਇਲਾਵਾ ਪਾਕਿਸਤਾਨ ’ਚ ਪੋਲਿਓ ਵਿਰੁੱਧ ਲੜਾਈ ਵੀ ਵੱਡੀ ਚੁਣੌਤੀ ਬਣੀ ਹੋਈ ਹੈ। ਟੀਕਾਕਰਨ ਪ੍ਰਤੀ ਜਨਤਾ ’ਚ ਵਿਸ਼ਵਾਸ ਦੀ ਘਾਟ ਕਾਰਨ ਬੱਚਿਆਂ ਦੀ ਸਿਹਤ ’ਤੇ ਗੰਭੀਰ ਸੰਕਟ ਮੰਡਰਾ ਰਿਹਾ ਹੈ।
Read More : ਸਰਹੱਦੀ ਪਿੰਡ ਦੇ ਖੇਤਾਂ ’ਚੋਂ ਮਿਲਿਆ ਲਾਵਾਰਿਸ ਡਰੋਨ, ਲੋਕਾਂ ’ਚ ਦਹਿਸ਼ਤ
