ਪੁਲਸ ਅਤੇ ਬੀ. ਐੱਸ. ਐੱਫ. ਵੱਲੋਂ ਇਲਾਕੇ ’ਚ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ
ਗੁਰਦਾਸਪੁਰ, 26 ਅਪ੍ਰੈਲ : ਗੁਰਦਾਸਪੁਰ ਜ਼ਿਲਾ ਪੁਲਸ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਸਰਹੱਦੀ ਪਿੰਡ ਵਜ਼ੀਰਪੁਰ ਅਫ਼ਗਾਨਾ ’ਚ ਇਕ ਕਿਸਾਨ ਦੇ ਖੇਤ ’ਚੋਂ ਲਾਵਾਰਿਸ ਡਰੋਨ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਚਨਾ ਮਿਲਣ ’ਤੇ ਪੁਲਸ ਅਤੇ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸਾਂਝੀ ਤਲਾਸ਼ੀ ਮੁਹਿੰਮ ਵਿੱਢੀ ਗਈ।
ਇਸ ਸਬੰਧੀ ਡੀ. ਐੱਸ. ਪੀ. ਰਾਜਿੰਦਰ ਮਿਨਹਾਸ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਪਿੰਡ ਵਜ਼ੀਰਪੁਰ ਅਫ਼ਗਾਨਾ ਦਾ ਕਿਸਾਨ ਹਰਜੀਤ ਸਿੰਘ ਪੁੱਤਰ ਰਾਮ ਸਿੰਘ ਜਦੋਂ ਆਪਣੇ ਖੇਤਾਂ ’ਚ ਸੈਰ ਕਰਨ ਗਿਆ ਤਾਂ ਉਸ ਨੇ ਉੱਥੇ ਇਕ ਲਾਵਾਰਿਸ ਡਰੋਨ ਪਿਆ ਦੇਖਿਆ। ਇਸ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਾਸੀਆਂ ’ਚ ਦਹਿਸ਼ਤ ਫੈਲ ਗਈ।
ਕਿਸਾਨ ਵੱਲੋਂ ਤੁਰੰਤ ਥਾਣਾ ਦੋਰਾਂਗਲਾ ਦੇ ਇੰਚਾਰਜ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਡਰੋਨ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਬੀ. ਐੱਸ. ਐੱਫ. ਦੇ ਜਵਾਨਾਂ ਦੀ ਮਦਦ ਨਾਲ ਪੂਰੇ ਇਲਾਕੇ ਨੂੰ ਸੀਲ ਕਰ ਕੇ ਤਲਾਸ਼ੀ ਲਈ ਗਈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਸਮੱਗਲਰਾਂ ਵੱਲੋਂ ਕੋਈ ਨਸ਼ੀਲੀ ਵਸਤੂ ਜਾਂ ਹਥਿਆਰ ਤਾਂ ਨਹੀਂ ਸੁੱਟੇ ਗਏ।
ਡੀ. ਐੱਸ. ਪੀ. ਨੇ ਦੱਸਿਆ ਕਿ ਫਿਲਹਾਲ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ ਅਤੇ ਪੁਲਸ ਨੇ ਡਰੋਨ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Read More : ਪੰਜਾਬ ਪੁਲਿਸ ਦੀ ਸੁਰੱਖਿਆ ਹਟਣ ਤੋਂ ਬਾਅਦ ਹਰਭਜਨ ਸਿੰਘ ਨੂੰ ਮਿਲੀ ਕੇਂਦਰੀ ਸੁਰੱਖਿਆ
