ਬਟਾਲਾ, 30 ਅਕਤੂਬਰ : ਬਟਾਲਾ ਪੁਲਸ ਵੱਲੋਂ ਇਕ ਮੁਹਿੰਮ ਆਰੰਭ ਕੀਤੀ ਗਈ ਸੀ, ਜਿਸ ਤਹਿਤ ਲੋਕਾਂ ਦੇ ਚੋਰੀ ਜਾਂ ਗੁਆਚੇ ਹੋਏ ਮੋਬਾਈਲ ਲੱਭ ਕੇ ਪੁਲਸ ਨੇ ਉਨ੍ਹਾਂ ਦੇ ਹਵਾਲੇ ਕੀਤੇ ਸਨ ਅਤੇ ਲੋਕਾਂ ਵੱਲੋਂ ਪੁਲਸ ਦੇ ਇਸ ਕੰਮ ਦੀ ਭਰਪੂਰ ਸ਼ਲਾਘਾ ਵੀ ਕੀਤੀ ਗਈ ਸੀ ਪਰ ਹੁਣ ਬਟਾਲਾ ਪੁਲਸ ਦੇ ਸਾਈਬਰ ਸੈੱਲ ਨੇ ਇਕ ਕਦਮ ਅਗਾਂਹ ਪੁੱਟਿਆ ਗਿਆ ਹੈ, ਜਿਸਦੇ ਚਲਦਿਆਂ ਹੁਣ ਲੋਕਾਂ ਦੇ ਉਹ ਵੀ ਪੈਸੇ ਵਾਪਸ ਹੋਣਗੇ, ਜੋ ਸਾਈਬਰ ਠੱਗਾਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਕੋਲੋਂ ਠੱਗੇ ਲਏ ਜਾਂਦੇ ਹਨ।
ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਰਾਜੇਸ਼ ਕੱਕੜ ਨੇ ਦੱਸਿਆ ਕਿ ਐੱਸ. ਐੱਸ. ਪੀ. ਸੁਹੈਲ ਕਾਸਿਮ ਮੀਰ ਅਤੇ ਐੱਸ. ਪੀ. ਇਨਵੈੱਸਟੀਗੇਸ਼ਨ ਗੁਰਪ੍ਰਤਾਪ ਸਿੰਘ ਸਹੋਤਾ ਦੇ ਨਿਰਦੇਸ਼ਾਂ ’ਤੇ ਐੱਸ. ਐੱਚ. ਓ. ਸਾਈਬਰ ਸੈੱਲ ਦੀ ਅਗਵਾਈ ਹੇਠ ‘ਮੋਬਾਈਲ ਬੈਕ ਟੂ ਯੂਅਰ ਹੈਂਡ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਅਤੇ ਹੁਣ ਦੂਜਾ ਪ੍ਰੋਗਰਾਮ ‘ਮਨੀ ਬੈਕ ਟੂ ਵਿਕਟਮ ਅਕਾਊਂਟ’ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਸਾਈਬਰ ਠੱਗਾਂ ਨੂੰ ਲੋਕ ਆਪਣੇ ਖਾਤੇ ਸਬੰਧੀ ਜਾਣਕਾਰੀ ਦੇ ਕੇ ਜਾਂ ਓ. ਟੀ. ਪੀ. ਦੇ ਦਿੰਦੇ ਸਨ, ਜਿਸ ਨਾਲ ਉਨ੍ਹਾਂ ਨਾਲ ਆਨਲਾਈਨ ਠੱਗੀ ਹੋ ਜਾਂਦੀ ਹੈ ਤਾਂ ਉਸ ਤਹਿਤ ਸਾਈਬਰ ਸੈੱਲ ਦੇ ਅਧਿਕਾਰੀਆਂ ਵਲੋਂ ਬੜੀ ਮਿਹਨਤ ਨਾਲ 25 ਅਜਿਹੇ ਲੋਕਾਂ ਦੇ 19 ਲੱਖ ਤੋਂ ਵੱਧ ਪੈਸੇ ਵਾਪਸ ਉਨ੍ਹਾਂ ਦੇ ਖਾਤੇ ਵਿਚ ਕੀਤੇ ਗਏ ਹਨ, ਜੋ ਵੱਖ ਵੱਖ ਢੰਗਾਂ ਨਾਲ ਸਾਈਬਰ ਠੱਗਾਂ ਦੀ ਠੱਗੀ ਦੇ ਸ਼ਿਕਾਰ ਹੋਏ ਸਨ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਤੁਹਾਡੇ ਕੋਲੋਂ ਤੁਹਾਡੇ ਖਾਤੇ ਦੀ ਜਾਣਕਾਰੀ ਮੰਗਦਾ ਹੈ ਜਾਂ ਓ.ਟੀ.ਪੀ ਮੰਗਦਾ ਹੈ ਤਾਂ ਉਸ ਨਾਲ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ।
ਡੀ. ਐੱਸ. ਪੀ. ਕੱਕੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਕੋਈ ਸੀ. ਬੀ. ਆਈ, ਪੁਲਸ ਜਾਂ ਹੋਰ ਅਧਿਕਾਰੀ ਦੱਸਦਿਆਂ ਡਰਾਵਾ ਦੇ ਕੇ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਉਸ ਦੀ ਹੈਲਪਾਈਨ ਨੰਬਰ 1930 ’ਤੇ ਕੰਪਲੇਂਟ ਕਰੋ ਜਾਂ ਸਿੱਧੇ ਤੌਰ ’ਤੇ ਥਾਣਾ ਸਾਈਬ ਸੈੱਲ ਬਟਾਲਾ ਵਿਖੇ ਆ ਕੇ ਸ਼ਿਕਾਇਤ ਦਰਜ ਕਰਵਾਓ।
ਇਸ ਤੋਂ ਇਲਾਵਾ ਜੇਕਰ ਕੋਈ ਕੋਰੀਅਰ ਰਾਹੀਂ ਜਾਂ ਲਿੰਕ ਡਾਊਨਲੋਡ ਕਰਨ ਦੇ ਨਾਂ ’ਤੇ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਪੈਸੇ ਨਾ ਟਰਾਂਸਫਰ ਕੀਤੇ ਜਾਣ। ਬਟਾਲਾ ਪੁਲਸ ਦੀ ਸਥਾਨਕ ਲੋਕਾਂ ਵਲੋਂ ਵੀ ਪ੍ਰਸ਼ੰਸਾ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਸਾਨੂੰ ਉਮੀਦ ਨਹੀਂ ਸੀ ਕਿ ਸਾਡੇ ਪੈਸੇ ਵਾਪਸ ਮੁੜਨਗੇ, ਪਰ ਬਟਾਲਾ ਪੁਲਸ ਸਮੇਤ ਐੱਸ.ਐੱਸ.ਪੀ ਬਟਾਲਾ ਦੀ ਉਹ ਜ਼ੋਰਦਾਰ ਸ਼ਲਾਘਾ ਕਰਦੇ ਹਨ, ਜਿੰਨ੍ਹਾਂ ਨੇ ਸਾਡੇ ਪੈਸੇ ਵਾਪਸ ਕਰਵਾ ਕੇ ਵਧੀਆ ਕੰਮ ਕੀਤਾ ਹੈ।
Read More : ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦਾ ਸਹਿਯੋਗੀ ਦਾਨਿਸ਼ ਚਿਕਨਾ ਗ੍ਰਿਫ਼ਤਾਰ
