ਚੰਡੀਗੜ੍ਹ, 20 ਜਨਵਰੀ : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅੱਜ ਦੀ ਤਾਰੀਖ਼ ’ਚ ਕਾਂਗਰਸ ਅੰਦਰ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਬਚੀ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਪੂਰੀ ਤਰ੍ਹਾਂ ਜ਼ੰਗ ਲੱਗੀ ਹੋਈ ਹੈ ਅਤੇ ਫ਼ੈਸਲੇ ਜ਼ਮੀਨੀ ਵਰਕਰਾਂ ਜਾਂ ਚੁਣੇ ਹੋਏ ਵਿਧਾਇਕਾਂ ਦੀ ਰਾਏ ਨਾਲ ਨਹੀਂ ਸਗੋਂ ਸਿਰਫ਼ ਇਕ ਪਰਿਵਾਰ ਦੇ ਹੁਕਮਾਂ ਨਾਲ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਅਤੇ ਨੇਤਾ ਟੀ.ਵੀ. ਚੈਨਲਾਂ ’ਤੇ ਬੋਲ ਕੇ ਆਪ ਹੀ ਆਪਣੀ ਪਾਰਟੀ ਦੇ ਅੰਦਰੂਨੀ ਹਾਲਾਤ ਨੰਗੇ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਅੰਦਰ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਨਾ ਤਾਂ ਵਰਕਰਾਂ ਦੀ ਕੋਈ ਸੁਣਵਾਈ ਹੈ ਅਤੇ ਨਾ ਹੀ ਨੇਤਾਵਾਂ ਦੀ ਸਗੋਂ ਸਿਰਫ਼ ਗਾਂਧੀ ਪਰਿਵਾਰ ਦਾ ਫੁਰਮਾਨ ਹੀ ਅੰਤਮ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਖ਼ੁਦ ਪ੍ਰਧਾਨ ਰਾਜਾ ਵੜਿੰਗ ਵੱਲੋਂ ਇਹ ਕਹਿਣਾ ਕਿ ਵਿਧਾਇਕ ਵੱਖ-ਵੱਖ ਧੜਿਆਂ ’ਚ ਵੰਡੇ ਹੋਏ ਸਨ ਪਰ ਉੱਪਰੋਂ ਹੁਕਮ ਆਉਣ ’ਤੇ ਸਭ ਕੁਝ ਬਦਲ ਗਿਆ, ਇਹ ਸਾਬਤ ਕਰਦਾ ਹੈ ਕਿ ਪਾਰਟੀ ਅੰਦਰ ਚੁਣੇ ਹੋਏ ਨੁਮਾਇੰਦਿਆਂ ਦੀ ਕੋਈ ਅਹਿਮੀਅਤ ਨਹੀਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਧਾਇਕਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ, ਉਨ੍ਹਾਂ ਦੀ ਰਾਏ ਨੂੰ ਨਜ਼ਰਅੰਦਾਜ਼ ਕਰ ਕੇ ਸਿਰਫ਼ ਉੱਪਰੋਂ ਆਏ ਹੁਕਮ ਨੂੰ ਲਾਗੂ ਕਰਨਾ ਲੋਕਤੰਤਰ ਦਾ ਮਖੌਲ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ’ਚ ਅੱਜ ਦੀ ਸਥਿਤੀ ਇਹ ਹੈ ਕਿ ਨੇਤਾ ਤੇ ਵਰਕਰ ਬੰਧੂਆ ਮਜ਼ਦੂਰਾਂ ਵਾਂਗ ਕੰਮ ਕਰਨ ਲਈ ਮਜਬੂਰ ਹਨ। ਲੋਕਾਂ ਦੀ ਮਿਹਨਤ, ਸੰਘਰਸ਼ ਅਤੇ ਰਾਜਨੀਤਕ ਕਮਾਈ ’ਤੇ ਇਕ ਪਲ ’ਚ ਪਾਣੀ ਫੇਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਸੱਚ ਸਭ ਦੇ ਸਾਹਮਣੇ ਆ ਚੁੱਕਾ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਆਪਣੀ ਆਵਾਜ਼ ਤੇ ਸਵੈ-ਮਾਣ ਪਿਆਰਾ ਹੈ, ਉਹ ਇਸ ਪਾਰਟੀ ਤੋਂ ਪੱਲਾ ਛੱਡ ਕੇ ਕਿਸੇ ਅਜਿਹੀ ਪਾਰਟੀ ਨਾਲ ਜੁੜਨ, ਜਿੱਥੇ ਫ਼ੈਸਲੇ ਲੋਕਾਂ ਅਤੇ ਵਰਕਰਾਂ ਦੀ ਰਾਏ ਨਾਲ ਕੀਤੇ ਜਾਂਦੇ ਹੋਣ।
Read More : ਸਰੋਵਰ ’ਚ ਵਜ਼ੂ ਕਰਨ ਵਾਲੇ ਨੌਜਵਾਨ ਨੇ ਦੂਸਰੀ ਵਾਰ ਮੰਗੀ ਮੁਆਫ਼ੀ
