ਅੰਮ੍ਰਿਤਸਰ

ਪੁਲਸ ਮੁਕਾਬਲੇ ’ਚ ਖਤਰਨਾਕ ਗੈਂਗਸਟਰ ਪ੍ਰਿੰਸ ਢੇਰ

ਹਸਪਤਾਲ ’ਚ ਇਲਾਜ ਦੌਰਾਨ ਪੁਲਸ ਨੂੰ ਚਕਮਾ ਦੇ ਕੇ ਹੋਇਆ ਸੀ ਫਰਾਰ

ਅੰਮ੍ਰਿਤਸਰ , 20 ਜਨਵਰੀ : ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਅਟਾਰੀ ਸੈਕਟਰ ’ਚ ਇਕ ਮੁਕਾਬਲੇ ਦੌਰਾਨ ਖਤਰਨਾਕ ਗੈਂਗਸਟਰ ਮਣੀ ਪ੍ਰਿੰਸ ਨੂੰ ਢੇਰ ਕਰ ਦਿੱਤਾ। ਪੁਲਸ ਦੀ ਫਾਇਰਿੰਗ ਦੌਰਾਨ ਮਣੀ ਪ੍ਰਿੰਸ ਨੇ ਵੀ ਵਿਦੇਸ਼ੀ ਪਿਸਤੌਲ ਨਾਲ ਪੁਲਸ ਪਾਰਟੀ ’ਤੇ ਗੋਲੀਆਂ ਚਲਾਈਆਂ ਪਰ ਬੁਲੇਟ ਪਰੂਫ਼ ਜੈਕੇਟ ਕਾਰਨ ਕਿਸੇ ਵੀ ਮੁਲਾਜ਼ਮ ਦਾ ਨੁਕਸਾਨ ਨਹੀਂ ਹੋਇਆ। ਮਾਮਲੇ ਦੀ ਜਾਣਕਾਰੀ ਮਿਲਦੇ ਸਾਰ ਹੀ ਡੀ. ਆਈ. ਜੀ. ਬਾਰਡਰ ਰੇਂਜ ਸੰਦੀਪ ਗੋਇਲ ਅਤੇ ਐੱਸ. ਐੱਸ. ਪੀ. ਦਿਹਾਤੀ ਸੁਹੇਲ ਮੀਰ ਮੌਕੇ ’ਤੇ ਪੁੱਜੇ।

ਜਾਣਕਾਰੀ ਅਨੁਸਾਰ 12 ਜਨਵਰੀ ਨੂੰ ਮਣੀ ਪ੍ਰਿੰਸ ਦਾ ਲੋਪੋਕੇ ਪੁਲਸ ਨਾਲ ਮੁਕਾਬਲਾ ਹੋਇਆ ਸੀ, ਜਿਸ ’ਚ ਜ਼ਖਮੀ ਹੋ ਜਾਣ ’ਤੇ ਮਣੀ ਨੂੰ ਗੁਰੂ ਨਾਨਕ ਦੇਵ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੋਂ ਉਹ ਇਲਾਜ ਦੌਰਾਨ ਪੁਲਸ ਪਾਰਟੀ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ।

ਅੱਜ ਪੁਲਸ ਨੂੰ ਇਨਪੁਟ ਮਿਲੀ ਸੀ ਕਿ ਮਣੀ ਪ੍ਰਿੰਸ ਅਟਾਰੀ ਸੈਕਟਰ ਵੱਲ ਜਾ ਰਿਹਾ ਹੈ, ਜਿਸ ’ਤੇ ਟਰੈਪ ਲਾਇਆ ਗਿਆ ਅਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਮਣੀ ਨੇ ਪੁਲਸ ਪਾਰਟੀ ਨੂੰ ਦੇਖ ਕੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਦੌਰਾਨ ਮਣੀ ਪ੍ਰਿੰਸ ਢੇਰ ਹੋ ਗਿਆ। ਪੁਲਸ ਵੱਲੋਂ ਮੌਕੇ ’ਤੇ ਫੋਰੈਂਸਿਕ ਟੀਮਾਂ ਨੂੰ ਬੁਲਾਇਆ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮੁਕਾਬਲੇ ’ਚ ਢੇਰ ਹੋਇਆ ਮਣੀ ਪ੍ਰਿੰਸ ਖਤਰਨਾਕ ਅਪਰਾਧੀ ਸੀ, ਜੋ ਅਮਨ-ਕਾਨੂੰਨ ਲਈ ਖ਼ਤਰਾ ਬਣਿਆ ਹੋਇਆ ਸੀ। ਮੁੱਢਲੀ ਜਾਂਚ ’ਚ ਪੁਲਸ ਦਾ ਕਹਿਣਾ ਹੈ ਕਿ ਮਣੀ ਪ੍ਰਿੰਸ 50 ਤੋਂ ਜ਼ਿਆਦਾ ਅਪਰਾਧਿਕ ਮਾਮਲਿਆਂ ’ਚ ਸ਼ਾਮਲ ਸੀ, ਜਿਸ ’ਤੇ ਹੱਤਿਆ, ਫਿਰੌਤੀ ਲਈ ਅਗਵਾ, ਜਬਰਨ ਵਸੂਲੀ, ਗੋਲੀਬਾਰੀ ਅਤੇ ਵਾਹਨ ਖੋਹਣ ਦੇ ਮਾਮਲੇ ਦਰਜ ਸਨ। ਅੱਜ ਦੀ ਪੂਰੀ ਕਾਰਵਾਈ ਥਾਣਾ ਘਰਿੰਡਾ ਦੀ ਪੁਲਸ ਵੱਲੋਂ ਕੀਤੀ ਗਈ।

Read More : ਕਾਂਗਰਸ ’ਚ ਨੇਤਾ ਤੇ ਵਰਕਰ ਬੰਧੂਆ ਮਜ਼ਦੂਰਾਂ ਵਾਂਗ ਕੰਮ ਕਰਨ ਲਈ ਮਜਬੂਰ : ਬਿੱਟੂ

Leave a Reply

Your email address will not be published. Required fields are marked *