ਇਕ ਨੌਜਵਾਨ ਗੰਭੀਰ ਜ਼ਖਮੀ
ਦਸੂਹਾ, 23 ਜੁਲਾਈ :- ਦਸੂਹਾ-ਹਾਜੀਪੁਰ ਸੜਕ ਮਾਰਗ ਘੋਗਰਾ ਵਿਖੇ ਇਕ ਤੇਜ਼ ਰਫਤਾਰ ਫਾਰਚੂਨਰ ਗੱਡੀ ਨੇ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਜਿਸ ਦੇ ਸਿੱਟੇ ਵਜੋਂ 2 ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।
ਪ੍ਰਾਪਤ ਸੂਚਨਾ ਅਨੁਸਾਰ ਇਹ ਤਿੰਨੇ ਨੌਜਵਾਨ ਫਰਨੀਚਰ ’ਤੇ ਰੰਗ ਕਰਨ ਦਾ ਕੰਮ ਕਰਦੇ ਸਨ। ਦੇਰ ਦੇਰ ਰਾਤ ਆਪਣੇ ਮੋਟਰਸਾਈਕਲ ’ਤੇ ਤਿੰਨੇ ਜਣੇ ਸਵਾਰ ਹੋ ਕੇ ਦਸੂਹਾ ਵਿਖੇ ਆਪਣੇ ਘਰ ਨੂੰ ਆ ਰਹੇ ਸਨ ਕਿ ਇਹ ਭਿਆਨਕ ਹਾਦਸਾ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਬਚਨ ਸਿੰਘ ਨੇ ਦੱਸਿਆ ਕਿ ਇਹ ਤਿੰਨੇ ਮੋਟਰਸਾਈਕਲ ਸਵਾਰ ਮੁਸਲਮਾਨ ਬਰਾਦਰੀ ਨਾਲ ਸਬੰਧ ਰੱਖਦੇ ਹਨ ਅਤੇ ਦਸੂਹਾ ਵਿਖੇ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ।
ਇਨ੍ਹਾਂ ਨੂੰ ਮੌਕੇ ’ਤੇ ਹਾਜ਼ਰ ਲੋਕਾਂ ਨੇ ਐਂਬੂਲੈਂਸ ਬੁਲਾ ਕੇ ਦਸੂਹਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ। ਜਿਥੇ ਡਾਕਟਰਾਂ ਨੇ 2 ਨੌਜਵਾਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਤੀਸਰੇ ਗੰਭੀਰ ਜ਼ਖਮੀ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮਜੀਦ ਅਤੇ ਅੰਸ਼ ਅਤੇ ਜ਼ਖਮੀ ਨੌਜਵਾਨ ਦਾ ਨਾਂ ਮਹਿਰਾਜ ਹੈ।
ਇਸ ਸਬੰਧੀ ਫਾਰਚੂਨਰ ਗੱਡੀ ਦੇ ਨੰਬਰ ਦੀ ਪਛਾਣ ਕਰ ਲਈ ਗਈ ਹੈ ਅਤੇ ਉਸਦੇ ਮਾਲਕ ਜਾਂ ਡਰਾਈਵਰ ਨੂੰ ਬਿਨਾਂ ਕਿਸੇ ਦੇਰੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਸਬੰਧੀ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Read More : ਜੀਵਨਜੋਤ ਪ੍ਰੋਜੈਕਟ ਤਹਿਤ 20 ਹੋਰ ਬੱਚਿਆਂ ਨੂੰ ਬਚਾਇਆ : ਡਾ. ਬਲਜੀਤ ਕੌਰ