Punjab-News

ਮੁੱਖ ਮੰਤਰੀ ਮਾਨ ਨੇ ਪੇਸ਼ ਕੀਤਾ ਵਿਦੇਸ਼ੀ ਦੌਰੇ ਦਾ ਰਿਪੋਰਟ ਕਾਰਡ; ਪੰਜਾਬ ਵਿਚ ਆਵੇਗਾ ਵੱਡਾ ਨਿਵੇਸ਼

ਨੀਦਰਲੈਂਡ ਅਤੇ ਫਿਨਲੈਂਡ ਨਾਲ ਖੇਤੀਬਾੜੀ, ਸਿੱਖਿਆ ਅਤੇ ਉਦਯੋਗਿਕ ਖੇਤਰ ਵਿਚ ਹੋਏ ਅਹਿਮ ਸਮਝੌਤੇ

ਚੰਡੀਗੜ੍ਹ, 29 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੇ ਨੀਦਰਲੈਂਡ ਅਤੇ ਫਿਨਲੈਂਡ ਦੌਰੇ ਬਾਰੇ ਵਿਆਪਕ ਰਿਪੋਰਟ ਕਾਰਡ ਪੇਸ਼ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਖੇਤੀਬਾੜੀ, ਉਦਯੋਗ ਅਤੇ ਨਵੀਨਤਾ ਦੇ ਖੇਤਰ ਵਿੱਚ ਵਿਸ਼ਵ ਪੱਧਰੀ ਸਹਿਯੋਗ ਹਾਸਲ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਸਿੱਧਾ ਲਾਭ ਸੂਬੇ ਦੇ ਕਿਸਾਨਾਂ, ਨੌਜਵਾਨਾਂ ਅਤੇ ਆਰਥਿਕਤਾ ਨੂੰ ਮਿਲੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ZICA ਵੱਲੋਂ 1,300 ਕਰੋੜ ਰੁਪਏ ਦੇ ਨਿਵੇਸ਼ ਅਤੇ ਫਿਨਲੈਂਡ ਨਾਲ ਉੱਨਤ ਖੇਤੀਬਾੜੀ-ਤਕਨੀਕੀ ਸਹਿਯੋਗ ਸਦਕਾ ਪੰਜਾਬ ਖੋਜ ਅਤੇ ਵਿਕਾਸ ਦਾ ਵਿਸ਼ਵਵਿਆਪੀ ਕੇਂਦਰ ਬਣੇਗਾ।

ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਵਫ਼ਦ ਨੇ ਨੀਦਰਲੈਂਡ ਵਿੱਚ ਕੇਉਕੇਨਹੌਫ ਅਤੇ ਵਿਸ਼ਵ ਬਾਗਬਾਨੀ ਕੇਂਦਰ ਦਾ ਦੌਰਾ ਕੀਤਾ। ਇਸ ਦੌਰਾਨ ਬਾਗਬਾਨੀ ਦੇ ਵਿਕਾਸ ਅਤੇ ਪੰਜਾਬ ਤੋਂ ਫੁੱਲਾਂ (ਗੁਲਾਬ) ਦੀ ਬਰਾਮਦ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨੀਦਰਲੈਂਡ ਦੀ ਵਰਟੀਕਲ ਫਾਰਮਿੰਗ ਤਕਨੀਕ ਨੂੰ ਪੰਜਾਬ ਵਿੱਚ ਲਾਗੂ ਕੀਤਾ ਜਾ ਸਕਦਾ ਹੈ, ਜਿਸ ਨਾਲ ਘੱਟ ਜਗ੍ਹਾ ਵਿੱਚ ਵੱਧ ਪੈਦਾਵਾਰ ਸੰਭਵ ਹੈ।

ਇਸ ਦੌਰੇ ਦੌਰਾਨ ਸੈਮੀਕੰਡਕਟਰ ਅਤੇ ਇਲੈਕਟ੍ਰਾਨਿਕਸ ਖੇਤਰ ਵਿੱਚ ਮੌਕਿਆਂ ਦੀ ਪਛਾਣ ਕੀਤੀ ਗਈ, ਜਿਸ ਦੇ ਸਿੱਟੇ ਵਜੋਂ ਮੋਹਾਲੀ ਵਿੱਚ ਇੱਕ ਖੋਜ ਅਤੇ ਵਿਕਾਸ ਕੇਂਦਰ (R&D) ਅਤੇ ਨਵੀਨਤਾ ਹੱਬ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ।

ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਸਿੱਧ ਡੱਚ ਹਾਕੀ ਖਿਡਾਰੀ ਫਲੋਰਿਸ ਜਾਨ ਬੋਵੇਲੈਂਡਰ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਬਾਰੇ ਗੱਲ ਕੀਤੀ। ਇਸ ਤੋਂ ਇਲਾਵਾ, LT ਫੂਡਜ਼ (ਦਾਵਤ ਚੌਲ ਬ੍ਰਾਂਡ) ਨੇ ਰਾਜਪੁਰਾ ਵਿੱਚ ਨਿਵੇਸ਼ ਕਰਨ ਲਈ ਸਹਿਮਤੀ ਦਿੱਤੀ ਹੈ। ਫਿਨਲੈਂਡ ਦੌਰੇ ਦੌਰਾਨ ਸਿੱਖਿਆ ਪ੍ਰਣਾਲੀ ‘ਤੇ ਧਿਆਨ ਕੇਂਦਰਿਤ ਕੀਤਾ ਗਿਆ।

ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਹੁਣ ਤੱਕ 216 ਪ੍ਰਾਇਮਰੀ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜ ਚੁੱਕੀ ਹੈ ਅਤੇ 72 ਅਧਿਆਪਕਾਂ ਦਾ ਚੌਥਾ ਬੈਚ 18 ਮਈ, 2026 ਨੂੰ ਭੇਜਿਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹੁਣ ਦੁਨੀਆ ਭਰ ਵਿੱਚ ਨਿਵੇਸ਼ ਲਈ ਪਸੰਦੀਦਾ ਸਥਾਨ ਬਣ ਚੁੱਕਾ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਸੰਜੀਵ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਉਮੀਦ ਜਤਾਈ ਕਿ ਇਨ੍ਹਾਂ ਕੋਸ਼ਿਸ਼ਾਂ ਨਾਲ ਪੰਜਾਬ ਇੱਕ ਨਵੀਨਤਾ-ਅਧਾਰਤ ਅਤੇ ਨਿਵੇਸ਼ਕ-ਅਨੁਕੂਲ ਰਾਜ ਵਜੋਂ ਹੋਰ ਮਜ਼ਬੂਤੀ ਨਾਲ ਉੱਭਰੇਗਾ।

Read More : ਸ਼ੰਭੂ-ਅੰਬਾਲਾ ਰੇਲਵੇ ਲਾਈਨ ਬੰਬ ਧਮਾਕੇ ਦਾ ਭੇਤ ਸੁਲਝਿਆ;4 ਗ੍ਰਿਫ਼ਤਾਰ

Leave a Reply

Your email address will not be published. Required fields are marked *