ਡੀਜੀਪੀ ਗੌਰਵ ਯਾਦਵ

ਸੀ.ਆਈ.ਏ. ਮੋਗਾ, ਸਰਹਿੰਦ ਅਤੇ ਸ਼ੰਭੂ ਰੇਲਵੇ ਟਰੈਕ ਬਲਾਸਟ ਕੇਸਾਂ ਦੀ ਗੁੱਥੀ ਸੁਲਝੀ; ਮ੍ਰਿਤਕ ਜਗਰੂਪ ਦਾ ਸਾਥੀ ਗ੍ਰਿਫ਼ਤਾਰ

ਗ੍ਰਿਫ਼ਤਾਰ ਮੁਲਜ਼ਮ ਗੁਰਜਿੰਦਰ ਦਾ ਖ਼ੁਲਾਸਾ-ਵਿਦੇਸ਼ੀ ਹੈਂਡਲਰਾਂ ਦੇ ਹੁਕਮਾਂ ’ਤੇ ਦਿੱਤਾ ਸੀ ਤਿੰਨ ਵੱਡੀਆਂ ਵਾਰਦਾਤਾਂ ਨੂੰ ਅੰਜਾਮ

ਪਟਿਆਲਾ, 2 ਮਈ : ਪਾਕਿਸਤਾਨ ਸਮਰਥਿਤ ਆਈ.ਐੱਸ.ਆਈ. ਦੇ ਅੱਤਵਾਦੀ ਨੈੱਟਵਰਕ ਨੂੰ ਤੋੜਨ ਵੱਲ ਇਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਪੰਜਾਬ ਪੁਲਸ ਨੇ 3 ਵੱਡੀਆਂ ਵਾਰਦਾਤਾਂ— ਸੀ.ਆਈ.ਏ. ਮੋਗਾ ਗ੍ਰੇਨੇਡ ਹਮਲਾ, ਸਰਹਿੰਦ ਰੇਲਵੇ ਟਰੈਕ ਬਲਾਸਟ ਅਤੇ ਹਾਲ ਹੀ ’ਚ ਹੋਏ ਸ਼ੰਭੂ ਰੇਲਵੇ ਟਰੈਕ ਬਲਾਸਟ ਦੀ ਗੁੱਥੀ ਸੁਲਝਾ ਲਈ ਹੈ। ਇਹ ਸਫ਼ਲਤਾ ਸ਼ੰਭੂ ਧਮਾਕੇ ਦੌਰਾਨ ਮਾਰੇ ਗਏ ਜਗਰੂਪ ਸਿੰਘ ਦੇ ਸਾਥੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਿਲੀ ਹੈ।

ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ.ਐੱਸ.ਓ.ਸੀ.) ਅੰਮ੍ਰਿਤਸਰ, ਕਾਊਂਟਰ ਇੰਟੈਲੀਜੈਂਸ (ਸੀ.ਆਈ.) ਪਠਾਨਕੋਟ ਅਤੇ ਜ਼ਿਲਾ ਪੁਲਸ ਪਟਿਆਲਾ ਵੱਲੋਂ ਸਾਂਝੇ ਤੌਰ ’ਤੇ ਇਹ ਕਾਰਵਾਈ ਕੀਤੀ ਗਈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੁਰਜਿੰਦਰ ਸਿੰਘ ਉਰਫ਼ ਬਾਬਾ ਬੇਅੰਤ ਵਾਸੀ ਬਿਧੀਪੁਰ, ਗੁਰਦਾਸਪੁਰ ਵਜੋਂ ਹੋਈ ਹੈ।

ਸ਼ੰਭੂ ਧਮਾਕੇ ਵੇਲੇ ਮੌਕੇ ’ਤੇ ਮੌਜੂਦ ਸੀ ਮੁਲਜ਼ਮ
ਡੀ.ਜੀ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਗੁਰਜਿੰਦਰ ਅਤੇ ਜਗਰੂਪ ਲੰਬੇ ਸਮੇਂ ਤੋਂ ਸਾਥੀ ਸਨ। ਸ਼ੰਭੂ ਬਲਾਸਟ ਵਾਲੇ ਦਿਨ ਦੋਵਾਂ ਨੇ ਪਛਾਣ ਤੋਂ ਬਚਣ ਲਈ ਵੱਖ-ਵੱਖ ਤੌਰ ’ਤੇ ਰਾਜਪੁਰਾ ਦਾ ਸਫ਼ਰ ਕੀਤਾ ਸੀ। ਗੁਰਜਿੰਦਰ ਧਮਾਕੇ ਸਮੇਂ ਮੌਕੇ ’ਤੇ ਮੌਜੂਦ ਸੀ ਪਰ ਦੂਰ ਖੜ੍ਹਾ ਹੋਣ ਕਾਰਨ ਬਚ ਗਿਆ। ਜਦੋਂ ਉਸ ਨੂੰ ਪਤਾ ਲੱਗਾ ਕਿ ਆਈ.ਈ.ਡੀ. ਲਗਾਉਂਦੇ ਸਮੇਂ ਜਗਰੂਪ ਦੀ ਮੌਤ ਹੋ ਗਈ ਹੈ, ਤਾਂ ਉਹ ਮੌਕੇ ਤੋਂ ਫ਼ਰਾਰ ਹੋ ਗਿਆ।

ਮਲੇਸ਼ੀਆ ਅਤੇ ਅਮਰੀਕਾ ਨਾਲ ਜੁੜੀਆਂ ਤਾਰਾਂ
ਪੁੱਛਗਿੱਛ ਦੌਰਾਨ ਇਹ ਖ਼ੁਲਾਸਾ ਹੋਇਆ ਕਿ ਤਿੰਨੋਂ ਵਾਰਦਾਤਾਂ— 7 ਨਵੰਬਰ 2025 ਨੂੰ ਸੀ.ਆਈ.ਏ. ਮੋਗਾ ਹਮਲਾ, 23 ਜਨਵਰੀ 2026 ਨੂੰ ਸਰਹਿੰਦ ਬਲਾਸਟ ਅਤੇ 27 ਅਪ੍ਰੈਲ 2026 ਨੂੰ ਸ਼ੰਭੂ ਬਲਾਸਟ— ਇਕੋ ਹੀ ਸੰਗਠਨ ਵੱਲੋਂ ਮਲੇਸ਼ੀਆ ਆਧਾਰਿਤ ਹੈਂਡਲਰਾਂ ਦੇ ਹੁਕਮਾਂ ’ਤੇ ਕੀਤੀਆਂ ਗਈਆਂ ਸਨ, ਜੋ ਅੱਗੇ ਅਮਰੀਕਾ ਅਤੇ ਪਾਕਿਸਤਾਨ ਨਾਲ ਜੁੜੇ ਹੋਏ ਹਨ।

ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ
ਪੁਲਸ ਪਹਿਲਾਂ ਹੀ ਪ੍ਰਦੀਪ ਸਿੰਘ ਖਾਲਸਾ, ਕੁਲਵਿੰਦਰ ਸਿੰਘ, ਸਤਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਮ੍ਰਿਤਕ ਜਗਰੂਪ ਦੇ ਭਰਾ ਸਤਨਾਮ ਦੇ ਖ਼ੁਲਾਸੇ ’ਤੇ ਰਾਕੇਟ ਪ੍ਰੋਪੈਲਡ ਗ੍ਰੇਨੇਡ (ਆਰ.ਪੀ.ਜੀ.), ਹੈਂਡ ਗ੍ਰੇਨੇਡ ਅਤੇ ਉੱਚ ਦਰਜੇ ਦੇ ਪਿਸਤੌਲਾਂ ਸਮੇਤ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਐੱਸ.ਐੱਸ.ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਕਈ ਹੋਰ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।

Read More : ਦਿੱਲੀ ’ਚ ਜੱਜ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

Leave a Reply

Your email address will not be published. Required fields are marked *