ਚੰਡੀਗੜ੍ਹ, 1 ਨਵੰਬਰ : 5 ਲੱਖ ਰੁਪਏ ਰਿਸ਼ਵਤ ਮਾਮਲੇ ’ਚ ਪੁਲਸ ਰਿਮਾਂਡ ’ਤੇ ਚੱਲ ਰਿਹਾ ਵਿਚੋਲਾ ਕ੍ਰਿਸ਼ਨੂ ਸ਼ਨੀਵਾਰ ਸ਼ਾਮ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੂੰ ਰਿਮਾਂਡ ਰੂਮ ’ਚ ਦੇਖ ਕੇ ਹੈਰਾਨ ਰਹਿ ਗਿਆ।
ਕ੍ਰਿਸ਼ਨੂ ਵਾਰ-ਵਾਰ ਆਪਣੇ ਬਿਆਨ ਦਰਜ ਕਰਵਾਉਣ ’ਚ ਲੱਗਾ ਹੋਇਆ ਸੀ। ਪੰਜ ਦਿਨਾਂ ਦਾ ਰਿਮਾਂਡ ਮਿਲਦੇ ਹੀ ਸੀ. ਬੀ. ਆਈ. ਰੋਪੜ ਰੇਂਜ ਦੇ ਤਤਕਾਲੀ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੂੰ ਦਫ਼ਤਰ ਲੈ ਕੇ ਗਈ ਅਤੇ ਸ਼ਨੀਵਾਰ ਸ਼ਾਮ ਨੂੰ ਵਿਚੋਲੇ ਕ੍ਰਿਸ਼ਨੂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ। ਸੀ. ਬੀ. ਆਈ. ਪੁੱਛਗਿੱਛ ’ਚ ਡੀ. ਆਈ. ਜੀ. ਭੁੱਲਰ ਅਤੇ ਕ੍ਰਿਸ਼ਨੂ ਦੋਵਾਂ ਨੇ ਆਪਣੇ ਬਿਆਨ ਦਰਜ ਕਰਵਾਏ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਕ੍ਰਿਸ਼ਨੂ ਹੀ ਮੰਡੀ ਗੋਬਿੰਦਗੜ੍ਹ ’ਚ ਗਲਤ ਕੰਮ ਕਰਨ ਵਾਲਿਆਂ ਬਾਰੇ ਜਾਣਕਾਰੀ ਡੀ. ਆਈ. ਜੀ. ਭੁੱਲਰ ਨੂੰ ਦਿੰਦਾ ਸੀ। ਇਸ ਤੋਂ ਬਾਅਦ ਭੁੱਲਰ ਵਪਾਰੀਆਂ ਨੂੰ ਬੁਲਾ ਕੇ ਧਮਕੀ ਦਿੰਦਾ ਸੀ। ਕ੍ਰਿਸ਼ਨੂ ਵਪਾਰੀਆਂ ਦੀ ਡੀ. ਆਈ. ਜੀ. ਭੁੱਲਰ ਨਾਲ ਸੈਟਿੰਗ ਕਰਵਾਉਂਦਾ ਸੀ। ਸੀ. ਬੀ. ਆਈ. ਨੂੰ ਕ੍ਰਿਸ਼ਨੂ ਦੇ ਮੋਬਾਈਲ ਫੋਨ ਤੋਂ ਅਹਿਮ ਸਬੂਤ ਮਿਲੇ ਹਨ।
ਉਨ੍ਹਾਂ ਦੇ ਆਧਾਰ ’ਤੇ ਸੀ. ਬੀ. ਆਈ. ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਸੀ. ਬੀ. ਆਈ. ਡੀ. ਆਈ. ਜੀ. ਭੁੱਲਰ ਦੇ ਪ੍ਰਾਈਵੇਟ ਨੰਬਰ ਦੀ ਵੀ ਜਾਂਚ ਕਰ ਰਹੀ ਹੈ। ਖਾਸ ਤੌਰ ’ਤੇ ਵ੍ਹਟਸਐਪ ਕਾਲਾਂ ਅਤੇ ਮੈਸੇਜ ਚੈੱਕ ਕਰ ਰਹੀ ਹੈ।
ਸੀ. ਬੀ. ਆਈ. ਨੇ ਭੁੱਲਰ ਤੋਂ ਕਰੋੜਾਂ ਰੁਪਏ ਦੀ ਜਾਇਦਾਦ ਬਾਰੇ ਪੁੱਛਿਆ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਸੀ. ਬੀ. ਆਈ. ਨੂੰ ਭੁੱਲਰ ਦੀਆਂ ਕਈ ਬੇਨਾਮੀ ਜਾਇਦਾਦਾਂ ਮਿਲੀਆਂ ਹਨ, ਜਿਨ੍ਹਾਂ ਦੀ ਉਹ ਜਾਂਚ ਕਰ ਰਹੀ ਹੈ।
ਸੀ. ਬੀ. ਆਈ. ਨੇ 5 ਦਿਨਾਂ ਦਾ ਪੁਲਸ ਰਿਮਾਂਡ ਮਿਲਣ ਤੋਂ ਬਾਅਦ ਡੀ. ਆਈ. ਜੀ. ਭੁੱਲਰ ਦਾ ਸੈਕਟਰ-16 ਜਨਰਲ ਹਸਪਤਾਲ ’ਚ ਮੈਡੀਕਲ ਕਰਵਾਇਆ। ਇਸ ਦੌਰਾਨ ਭੁੱਲਰ ਨੇ ਆਪਣੇ ਮੂੰਹ ’ਤੇ ਰੁਮਾਲ ਬੰਨ੍ਹਿਆ ਹੋਇਆ ਸੀ। ਮੈਡੀਕਲ ਤੋਂ ਬਾਅਦ ਸੀ. ਬੀ. ਆਈ. ਭੁੱਲਰ ਨੂੰ ਆਪਣੇ ਨਾਲ ਦਫ਼ਤਰ ਲੈ ਗਈ।
ਜੇਲ ’ਚ ਕ੍ਰਿਸ਼ਨੂ ਨੂੰ ਨਹੀਂ ਮਿਲਣ ਆਏ ਪਰਿਵਾਰਕ ਮੈਂਬਰ
ਡੀ. ਆਈ. ਜੀ. ਭੁੱਲਰ ਲਈ ਵਿਚੋਲੇ ਵਜੋਂ ਕੰਮ ਕਰਨ ਵਾਲੇ ਕ੍ਰਿਸ਼ਨੂ ਨੂੰ ਬੁੜੈਲ ਜੇਲ ’ਚ ਪਰਿਵਾਰ ਦਾ ਕੋਈ ਵੀ ਮੈਂਬਰ ਮਿਲਣ ਨਹੀਂ ਆਇਆ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰ ਨਾਭਾ ਸਥਿਤ ਆਪਣੇ ਘਰ ਨੂੰ ਤਾਲਾ ਲਗਾ ਕੇ ਗਾਇਬ ਹੋ ਗਏ ਹਨ।
Read More : ਜਲ-ਜੀਵ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਨੇ ਰੋਹੂ ਨੂੰ ਰਾਜ ਮੱਛੀ ਐਲਾਨਿਆ
