ਲੁਧਿਆਣਾ, 4 ਨਵੰਬਰ : ਭ੍ਰਿਸ਼ਟਾਚਾਰ ਦੇ ਚਰਚਿਤ ਮਾਮਲੇ ’ਚ ਫਸੇ ਤਤਕਾਲੀ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੀ ਜਾਂਚ ਤਹਿਤ ਸੀ. ਬੀ. ਆਈ. ਨੇ ਮੰਗਲਵਾਰ ਨੂੰ ਲੁਧਿਆਣਾ ਸਮੇਤ ਕਈ ਸ਼ਹਿਰਾਂ ’ਚ ਇਕੋ ਸਮੇਂ ਛਾਪਾ ਮਾਰਿਆ।
ਸੀ. ਬੀ. ਆਈ. ਟੀਮ ਨੇ ਪੱਖੋਵਾਲ ਰੋਡ ਸਥਿਤ ਸਰਗੋਧਾ ਕਾਲੋਨੀ ’ਚ ਇਕ ਪ੍ਰਾਪਰਟੀ ਕਾਰੋਬਾਰੀ ਦੇ ਘਰ ਕਰੀਬ 4 ਘੰਟਿਅਾਂ ਤੱਕ ਜਾਂਚ ਕੀਤੀ। ਇਸ ਦੌਰਾਨ ਸੀ. ਬੀ. ਆਈ. ਅਧਿਕਾਰੀਆਂ ਨੇ ਕਈ ਦਸਤਾਵੇਜ਼ ਕਬਜ਼ੇ ਵਿਚ ਲਏ ਅਤੇ ਘਰ ਦੇ ਸਾਰੇ ਮੈਂਬਰਾਂ ਤੋਂ ਪੁੱਛਗਿੱਛ ਵੀ ਕੀਤੀ।
ਸੂਤਰਾਂ ਮੁਤਾਬਕ ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਭੁੱਲਰ ਨੇ ਪ੍ਰਾਪਰਟੀ ਕਾਰੋਬਾਰੀਆਂ ਦੇ ਜ਼ਰੀਏ ਆਪਣੀ ਕਾਲੀ ਕਮਾਈ ਨੂੰ ਨਿਵੇਸ਼ ਕੀਤਾ ਸੀ। ਇਸੇ ਕੜੀ ਤਹਿਤ ਸੀ. ਬੀ. ਆਈ. ਦੀ ਟੀਮ ਨੇ ਲੁਧਿਆਣਾ ’ਚ ਛਾਪੇਮਾਰੀ ਕੀਤੀ। ਟੀਮ ਦੇ ਪੁੱਜਦੇ ਹੀ ਪੂਰੇ ਇਲਾਕੇ ’ਚ ਹਲਚਲ ਮਚ ਗਈ।
ਛਾਪੇਮਾਰੀ ਦੌਰਾਨ ਸੀ. ਬੀ. ਆਈ. ਅਧਿਕਾਰੀਆਂ ਨੇ ਘਰ ਦੇ ਬਾਹਰ ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ ਅਤੇ ਗੇਟ ਬੰਦ ਕਰ ਦਿੱਤਾ ਗਿਆ, ਤਾਂ ਕਿ ਕੋਈ ਵੀ ਵਿਅਕਤੀ ਅੰਦਰ ਜਾਂ ਬਾਹਰ ਨਾ ਜਾ ਸਕੇ। ਟੀਮ ਨੇ ਘਰ ’ਚ ਮੌਜੂਦ ਲੋਕਾਂ ਦੇ ਮੋਬਾਈਲ ਫੋਨ ਵੀ ਜਾਂਚ ਦੌਰਾਨ ਆਪਣੇ ਕੋਲ ਰੱਖ ਲਏ। ਜਾਂਚ ਪੂਰੀ ਹੋਣ ਤੋਂ ਬਾਅਦ ਸੀ. ਬੀ. ਆਈ. ਕਈ ਅਹਿਮ ਦਸਤਾਵੇਜ਼ ਆਪਣੇ ਨਾਲ ਲੈ ਗਈ।
ਹਾਲਾਂਕਿ ਅਜੇ ਤੱਕ ਅਧਿਕਾਰੀਆਂ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਛਾਪੇਮਾਰੀ ਦੌਰਾਨ ਕੀ-ਕੀ ਬਰਾਮਦ ਹੋਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਕੁਝ ਮਹੱਤਵਪੂਰਨ ਸਬੂਤ ਏਜੰਸੀ ਦੇ ਹੱਥ ਲੱਗੇ ਹਨ।
Read More : ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰਪੁਰਬ ਮੌਕੇ 170 ਸ਼ਰਧਾਲੂਆਂ ਦਾ ਜਥਾ ਪਾਕਿ ਰਵਾਨਾ
