Rajinder Pal Kaur Chhina

ਵਿਧਾਇਕਾ ਛੀਨਾ ਦੀ ਨੂੰਹ ਸਣੇ 8 ਲੋਕਾਂ ‘ਤੇ ਧੋਖਾਧੜੀ ਤੇ ਚੋਰੀ ਦਾ ਕੇਸ ਦਰਜ

ਲੁਧਿਆਣਾ, 8 ਫਰਵਰੀ : ਲੁਧਿਆਣਾ ਦੱਖਣੀ ਤੋਂ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਦੇ ਪਰਿਵਾਰ ਵਿੱਚ ਚੱਲ ਰਿਹਾ ਘਰੇਲੂ ਕਲੇਸ਼ ਹੁਣ ਪੁਲਿਸ ਥਾਣੇ ਤੱਕ ਪਹੁੰਚ ਗਿਆ ਹੈ। ਵਿਧਾਇਕਾ ਦੇ ਪਤੀ ਹਰਪ੍ਰੀਤ ਸਿੰਘ ਦੀ ਸ਼ਿਕਾਇਤ ‘ਤੇ ਉਨ੍ਹਾਂ ਦੀ ਨੂੰਹ ਨਵਨੀਤ ਕੌਰ ਅਤੇ 7 ਹੋਰ ਰਿਸ਼ਤੇਦਾਰਾਂ ਖ਼ਿਲਾਫ਼ ਧੋਖਾਧੜੀ ਅਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਦੇ ਪੁੱਤਰ ਨਵਕਿਰਨਜੀਤ ਸਿੰਘ ਦਾ ਵਿਆਹ 2013 ਵਿੱਚ ਨਵਨੀਤ ਕੌਰ ਨਾਲ ਹੋਇਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਨੇ ਨਵਨੀਤ ਨੂੰ ਆਸਟ੍ਰੇਲੀਆ ਭੇਜਣ ਅਤੇ ਉਸ ਦੀ ਪੜ੍ਹਾਈ ‘ਤੇ ਕਰੀਬ 50 ਲੱਖ ਰੁਪਏ ਖ਼ਰਚ ਕੀਤੇ ਸਨ ਤਾਂ ਜੋ ਉਹ ਬਾਅਦ ਵਿੱਚ ਆਪਣੇ ਪਤੀ ਨੂੰ ਵੀ ਉੱਥੇ ਬੁਲਾ ਸਕੇ। ਪਰ ਆਸਟ੍ਰੇਲੀਆ ਜਾਣ ਤੋਂ ਬਾਅਦ ਦੋਵਾਂ ਦੇ ਰਿਸ਼ਤੇ ਵਿੱਚ ਖਟਾਸ ਆ ਗਈ।

ਹਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਦਾ ਪੁੱਤਰ ਅਤੇ ਨੂੰਹ ਵਿਦੇਸ਼ ਵਿੱਚ ਸਨ, ਤਾਂ ਨੂੰਹ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੇ ਲੁਧਿਆਣਾ ਸਥਿਤ ਘਰੋਂ 20 ਤੋਲੇ ਸੋਨਾ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸ ਤੋਂ ਇਲਾਵਾ, ਨਵਨੀਤ ਕੌਰ ਨੇ ਆਸਟ੍ਰੇਲੀਆ ਵਿੱਚ ਪੀ.ਆਰ. (PR) ਦੀ ਫਾਈਲ ਵਿੱਚੋਂ ਆਪਣੇ ਪਤੀ ਦਾ ਨਾਮ ਹਟਾ ਦਿੱਤਾ, ਜਿਸ ਕਾਰਨ ਉਨ੍ਹਾਂ ਦਾ ਪੁੱਤਰ ਉੱਥੇ ਕਾਨੂੰਨੀ ਮੁਸੀਬਤ ਵਿੱਚ ਫਸ ਗਿਆ।

ਇਸ ਮਾਮਲੇ ਦੀ ਜਾਂਚ ਏ.ਸੀ.ਪੀ. ਰਮਨਦੀਪ ਸਿੰਘ ਭੁੱਲਰ ਵੱਲੋਂ ਕੀਤੀ ਗਈ। ਜਾਂਚ ਰਿਪੋਰਟ ਦੇ ਆਧਾਰ ‘ਤੇ ਪੁਲਿਸ ਨੇ 5 ਫਰਵਰੀ ਨੂੰ ਥਾਣਾ ਡਾਬਾ ਵਿੱਚ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਨੂੰ ਪੱਖ ਰੱਖਣ ਲਈ ਬੁਲਾਇਆ ਗਿਆ ਸੀ, ਪਰ ਉਹ ਹਾਜ਼ਰ ਨਹੀਂ ਹੋਏ।

ਦੂਜੇ ਪਾਸੇ, ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਅਤੇ ਉਨ੍ਹਾਂ ਦੇ ਪਤੀ ਹਰਪ੍ਰੀਤ ਸਿੰਘ ਨੇ ਕੇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਉਨ੍ਹਾਂ ਦਾ ਨਿੱਜੀ ਪਰਿਵਾਰਕ ਮਾਮਲਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਮਲਾ ਕਾਨੂੰਨੀ ਪ੍ਰਕਿਰਿਆ ਅਧੀਨ ਹੈ, ਇਸ ਲਈ ਉਹ ਮੀਡੀਆ ਨਾਲ ਵਧੇਰੇ ਜਾਣਕਾਰੀ ਸਾਂਝੀ ਨਹੀਂ ਕਰਨਾ ਚਾਹੁੰਦੇ।

Read More : ਟੀ-20 ਵਿਸ਼ਵ ਕੱਪ : ਭਾਰਤ ਦੀ ਜੇਤੂ ਸ਼ੁਰੂਆਤ

Leave a Reply

Your email address will not be published. Required fields are marked *