ਨਸ਼ਾ ਛੁਡਾਊ ਸੈਂਟਰ ਦੇ ਸੰਚਾਲਕਾਂ ਦੀ ਕਥਿਤ ਲਾਪਰਵਾਹੀ ਕਾਰਨ ਵਾਪਰਿਆ ਹਾਦਸਾ, ਪੁਲਿਸ ਵੱਲੋਂ ਮਾਮਲਾ ਦਰਜ
ਬਠਿੰਡਾ, 23 ਮਾਰਚ : ਜ਼ਿਲਾ ਬਠਿੰਡਾ ਦੇ ਮੌੜ ਮੰਡੀ ਅਧੀਨ ਪੈਂਦੇ ਤਲਵੰਡੀ-ਰਾਮਪੁਰਾ ਰੋਡ ‘ਤੇ ਪਿੰਡ ਸੰਦੋਹਾ ਦੇ ਨੱਤ ਪੈਲੇਸ ਨੇੜੇ ਬੀਤੀ ਰਾਤ ਇੱਕ ਕਾਰ ਦਰੱਖ਼ਤਾਂ ਨਾਲ ਟਕਰਾਉਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕਾਰ ਸਵਾਰ 3 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 2 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਬਲਪ੍ਰੀਤ ਸਿੰਘ (ਧਨੌਲਾ), ਹਰਪ੍ਰੀਤ ਸਿੰਘ (ਮਾਨਸਾ) ਅਤੇ ਗੁਰਸਿਮਰਨ ਸਿੰਘ (ਮਾਨਸਾ) ਵਜੋਂ ਹੋਈ ਹੈ।
ਇਸ ਘਟਨਾ ਸਬੰਧੀ ਮ੍ਰਿਤਕ ਬਲਪ੍ਰੀਤ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ (ਵਾਸੀ ਪੱਤੀ ਭੈਣੀ ਸਾਹਿਬ, ਜ਼ਿਲ੍ਹਾ ਬਰਨਾਲਾ) ਨੇ ਥਾਣਾ ਮੌੜ ਦੀ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਬਲਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਹਰਪ੍ਰੀਤ ਸਿੰਘ, ਗੁਰਸਿਮਰਨ ਸਿੰਘ ਅਤੇ ਜਸ਼ਨਦੀਪ ਸਿੰਘ, ਨਸ਼ਾ ਛੁਡਾਊ ਸੈਂਟਰ ਰੋੜੀ ਵਿਖੇ ਇਲਾਜ ਅਧੀਨ ਸਨ।
ਸੁਖਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਸੈਂਟਰ ਦੇ ਮਾਲਕਾਂ ਰਣਜੀਤ ਸਿੰਘ ਉਰਫ਼ ਕਾਲਾ, ਅਰੁਣ ਕੁਮਾਰ ਅਤੇ ਉਨ੍ਹਾਂ ਦੇ ਪਾਰਟਨਰਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਇੱਕ ਹੋਰ ਨੌਜਵਾਨ ਅਮਨਦੀਪ ਸਿੰਘ ਨੂੰ ਸੈਂਟਰ ਲਿਆਉਣ ਲਈ ਜ਼ਬਰਦਸਤੀ ਬਾਹਰ ਭੇਜਿਆ ਸੀ। ਪੀੜਤ ਪਿਤਾ ਅਨੁਸਾਰ ਨੌਜਵਾਨਾਂ ਦੀ ਮਾਨਸਿਕ ਸਥਿਤੀ ਠੀਕ ਨਾ ਹੋਣ ਦੇ ਬਾਵਜੂਦ ਸੈਂਟਰ ਸੰਚਾਲਕਾਂ ਨੇ ਉਨ੍ਹਾਂ ਨੂੰ ਭੇਜ ਕੇ ਵੱਡੀ ਲਾਪਰਵਾਹੀ ਵਰਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਥਾਣਾ ਮੌੜ ਦੀ ਪੁਲਿਸ ਨੇ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਨਸ਼ਾ ਛੁਡਾਊ ਸੈਂਟਰ ਦੇ ਸੰਚਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਹਸਪਤਾਲ ਭੇਜ ਦਿੱਤਾ ਗਿਆ ਹੈ।
Read More : ਦਰਸ਼ਕਾਂ ਤੋਂ ਬਿਨਾਂ ਹੋਣਗੇ ਪਾਕਿਸਤਾਨ ਸੁਪਰ ਲੀਗ ਦੇ ਮੈਚ
