ਕੈਨੇਡਾ

ਹਾਕੀ ਦੇ ਵਿਸ਼ਵ ਪੱਧਰੀ ਮੁਕਾਬਲਿਆਂ ਦੀ ਮੇਜ਼ਬਾਨੀ ਕੈਨੇਡਾ ਦੇ ਹਿੱਸੇ

2028 ਵਿਚ ਅਲਬਰਟਾ ‘ਚ ਭਿੜਨਗੀਆਂ ਦੁਨੀਆ ਦੀਆਂ ਚੋਟੀ ਦੀਆਂ 8 ਟੀਮਾਂ

ਵੈਨਕੂਵਰ/ਕੈਲਗਰੀ, 18 ਮਾਰਚ : ਕੈਨੇਡਾ ਦੇ ਖੇਡ ਜਗਤ ਲਈ ਇੱਕ ਵੱਡੀ ਖ਼ੁਸ਼ਖਬਰੀ ਸਾਹਮਣੇ ਆਈ ਹੈ। ਸਾਲ 2028 ਵਿਚ ਕਰਵਾਏ ਜਾਣ ਵਾਲੇ ਹਾਕੀ ਦੇ ਵਿਸ਼ਵ ਪੱਧਰੀ ਮੁਕਾਬਲਿਆਂ ਦੀ ਮੇਜ਼ਬਾਨੀ ਕੈਨੇਡਾ ਦੇ ਸੂਬੇ ਅਲਬਰਟਾ ਨੂੰ ਮਿਲ ਗਈ ਹੈ। ਇਹ ਵੱਕਾਰੀ ਕੌਮਾਂਤਰੀ ਟੂਰਨਾਮੈਂਟ ਅਲਬਰਟਾ ਦੇ ਦੋ ਪ੍ਰਮੁੱਖ ਸ਼ਹਿਰਾਂ, ਕੈਲਗਰੀ ਅਤੇ ਐਡਮੰਟਨ ਵਿੱਚ ਸਾਂਝੇ ਤੌਰ ‘ਤੇ ਕਰਵਾਇਆ ਜਾਵੇਗਾ।

ਜਾਣਕਾਰੀ ਅਨੁਸਾਰ ਇਹ ਮੁਕਾਬਲੇ ਫ਼ਰਵਰੀ 2028 ਵਿੱਚ ਕਰਵਾਏ ਜਾਣ ਦੀ ਯੋਜਨਾ ਹੈ। ਇਸ ਟੂਰਨਾਮੈਂਟ ਵਿੱਚ ਦੁਨੀਆ ਭਰ ਦੀਆਂ ਚੋਟੀ ਦੀਆਂ 8 ਕੌਮਾਂਤਰੀ ਟੀਮਾਂ ਹਿੱਸਾ ਲੈਣਗੀਆਂ। ਹਰੇਕ ਦੇਸ਼ ਦੀ ਟੀਮ ਆਪਣੇ ਸਰਵੋਤਮ ਖਿਡਾਰੀਆਂ ਨਾਲ ਮੈਦਾਨ ਵਿੱਚ ਉਤਰੇਗੀ, ਜਿਸ ਕਾਰਨ ਦੁਨੀਆ ਭਰ ਦੇ ਹਾਕੀ ਪ੍ਰੇਮੀਆਂ ਦੀਆਂ ਨਜ਼ਰਾਂ ਇਸ ਸਮਾਗਮ ‘ਤੇ ਟਿਕੀਆਂ ਰਹਿਣਗੀਆਂ।

ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵੱਡੇ ਪੱਧਰ ਦੇ ਖੇਡ ਸਮਾਗਮ ਦੀ ਮੇਜ਼ਬਾਨੀ ਮਿਲਣ ਨਾਲ ਕੈਨੇਡਾ ਦੇ ਇਨ੍ਹਾਂ ਸ਼ਹਿਰਾਂ ਦੀ ਸਥਾਨਕ ਅਰਥਵਿਵਸਥਾ ਨੂੰ ਵੱਡਾ ਹੁਲਾਰਾ ਮਿਲੇਗਾ। ਕੈਲਗਰੀ ਅਤੇ ਐਡਮੰਟਨ ਨੇ ਇਸ ਮੇਜ਼ਬਾਨੀ ਲਈ ਸਾਂਝੀ ਅਰਜ਼ੀ ਦਿੱਤੀ ਸੀ, ਜਿਸ ਨੂੰ ਕੌਮਾਂਤਰੀ ਪੱਧਰ ‘ਤੇ ਮਨਜ਼ੂਰੀ ਮਿਲ ਗਈ ਹੈ। ਇਸ ਨਾਲ ਨਾ ਸਿਰਫ਼ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ, ਸਗੋਂ ਕੈਨੇਡਾ ਵਿੱਚ ਹਾਕੀ ਦੀ ਲੋਕਪ੍ਰਿਯਤਾ ਵਿੱਚ ਵੀ ਵਾਧਾ ਹੋਵੇਗਾ।

ਇਸ ਟੂਰਨਾਮੈਂਟ ਰਾਹੀਂ ਕੈਨੇਡਾ ਇੱਕ ਵਾਰ ਫਿਰ ਵਿਸ਼ਵ ਖੇਡ ਨਕਸ਼ੇ ‘ਤੇ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਏਗਾ। ਉਮੀਦ ਜਤਾਈ ਜਾ ਰਹੀ ਹੈ ਕਿ 2028 ਦਾ ਇਹ ਹਾਕੀ ਮਹਾਂਕੁੰਭ ਖੇਡ ਪ੍ਰੇਮੀਆਂ ਲਈ ਇੱਕ ਯਾਦਗਾਰੀ ਅਨੁਭਵ ਸਾਬਤ ਹੋਵੇਗਾ।

Read More : ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

Leave a Reply

Your email address will not be published. Required fields are marked *