ਬੇਰੁਜ਼ਗਾਰੀ ਅਤੇ ਨਸ਼ੇੜੀ ਆਦਤਾਂ ਨੇ ਉਜਾੜਿਆ ਘਰ; ਮੁਲਜ਼ਮ ਪਤੀ ਪੁਲਿਸ ਹਿਰਾਸਤ ‘ਚ
ਚੰਡੀਗੜ੍ਹ, 4 ਮਈ : ਸਿਟੀ ਬਿਊਟੀਫੁਲ ਦੇ ਸੈਕਟਰ 38 ਵੈਸਟ ਸਥਿਤ ਡੱਡੂ ਮਾਜਰਾ ਕਲੋਨੀ ਵਿੱਚ ਅੱਜ ਦੁਪਹਿਰ ਇੱਕ ਖ਼ੌਫ਼ਨਾਕ ਵਾਰਦਾਤ ਵਾਪਰੀ, ਜਿੱਥੇ ਇੱਕ ਬੇਰੁਜ਼ਗਾਰ ਪਤੀ ਨੇ ਆਪਣੀ ਹੀ ਪਤਨੀ ‘ਤੇ ਚਾਕੂਆਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਗੰਭੀਰ ਜ਼ਖ਼ਮੀ ਸੁਮਨ ਕੁਮਾਰੀ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ।
ਜ਼ਖ਼ਮੀ ਸੁਮਨ ਦੇ ਭਰਾ ਕੁਲਦੀਪ ਨੇ ਦੱਸਿਆ ਕਿ ਉਸਦਾ ਜੀਜਾ ਮਨੋਜ ਕੋਈ ਕੰਮ-ਕਾਰ ਨਹੀਂ ਕਰਦਾ ਸੀ। ਸੁਮਨ ਦਿਨ ਭਰ ਮਿਹਨਤ ਕਰਕੇ ਜੋ ਪੈਸੇ ਕਮਾ ਕੇ ਲਿਆਉਂਦੀ ਸੀ, ਮਨੋਜ ਉਹ ਪੈਸੇ ਖੋਹਣ ਲਈ ਉਸ ਨਾਲ ਕੁੱਟਮਾਰ ਕਰਦਾ ਸੀ। ਅੱਜ ਦੁਪਹਿਰ 2 ਵਜੇ ਵੀ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਇੰਨਾ ਵਧ ਗਿਆ ਕਿ ਮਨੋਜ ਨੇ ਲੰਬਾ ਚਾਕੂ ਕੱਢ ਕੇ ਸੁਮਨ ਦੀ ਛਾਤੀ ਵਿੱਚ ਦੋ ਡੂੰਘੇ ਵਾਰ ਕਰ ਦਿੱਤੇ।
ਪਰਿਵਾਰ ਨੇ ਦੱਸਿਆ ਕਿ ਮਨੋਜ ਪਹਿਲਾਂ ਵੀ ਦੋ ਵਾਰ ਸੁਮਨ ‘ਤੇ ਹਮਲਾ ਕਰ ਚੁੱਕਾ ਸੀ। ਪੁਲਿਸ ਕੋਲ ਪਹਿਲਾਂ ਵੀ ਸ਼ਿਕਾਇਤ ਕੀਤੀ ਗਈ ਸੀ, ਪਰ ਉਦੋਂ ਮੁਲਜ਼ਮ ਨੇ ਥਾਣੇ ਵਿੱਚ ਲਿਖਤੀ ਮੁਆਫ਼ੀ ਮੰਗ ਕੇ ਆਪਣਾ ਖਹਿੜਾ ਛੁਡਵਾ ਲਿਆ ਸੀ। ਪਰ ਅੱਜ ਉਸ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਆਪਣੀ ਪਤਨੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ।
ਘਟਨਾ ਤੋਂ ਤੁਰੰਤ ਬਾਅਦ ਚੰਡੀਗੜ੍ਹ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮੁਲਜ਼ਮ ਮਨੋਜ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Read More : ਪੰਜਾਬ ਪੁਲਿਸ ਹੋਈ ਹਾਈ-ਟੈਕ: ਹੁਣ AI ਅਤੇ ‘ਵੌਇਸ ਬੈਂਕ’ ਨਾਲ ਫੜੇ ਜਾਣਗੇ ਗੈਂਗਸਟਰ
