ਗੜ੍ਹਸ਼ੰਕਰ, 31 ਦਸੰਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਜੰਗਲੀ ਜੀਵ ਡਵੀਜ਼ਨ, ਗੜ੍ਹਸ਼ੰਕਰ ਜ਼ਿਲਾ ਹੁਸ਼ਿਆਰਪੁਰ ਵਿਖੇ ਤਾਇਨਾਤ ਬਲਾਕ ਅਧਿਕਾਰੀ ਰਾਜਪਾਲ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਬਲਾਚੌਰ ਜ਼ਿਲੇ ਦੇ ਐੱਸ.ਬੀ.ਐੱਸ. ਨਗਰ ਦੇ ਇਕ ਨਿਵਾਸੀ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ’ਤੇ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸਨੇ ਸ਼ਿਕਾਰ ਦਾ ਪਰਮਿਟ ਜਾਰੀ ਕਰਨ ਲਈ ਮੁਲਜ਼ਮ ਰਾਜਪਾਲ ਸਿੰਘ ਨਾਲ ਸੰਪਰਕ ਕੀਤਾ ਸੀ, ਪਰ ਅਧਿਕਾਰੀ ਨੇ ਇਸ ਲਈ 50,000 ਰੁਪਏ ਦੀ ਮੰਗ ਕੀਤੀ। ਉਸ ਦੀ ਬੇਨਤੀ ’ਤੇ ਸੌਦਾ 15,000 ਰੁਪਏ ਵਿਚ ਤੈਅ ਹੋ ਗਿਆ ਅਤੇ ਅਧਿਕਾਰੀ ਨੇ ਸ਼ਿਕਾਰ ਦਾ ਪਰਮਿਟ ਜਾਰੀ ਕਰਨ ਦਾ ਭਰੋਸਾ ਦੇ ਕੇ ਮੌਕੇ ’ਤੇ ਹੀ ਉਸ ਤੋਂ 10,000 ਰੁਪਏ ਲੈ ਲਏ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਰਾਜਪਾਲ ਸਿੰਘ ਬਲਾਚੌਰ ਸਥਿਤ ਸ਼ਿਕਾਇਤਕਰਤਾ ਦੇ ਘਰ ਗਿਆ ਅਤੇ ਬਾਕੀ ਬਚੀ 5,000 ਰੁਪਏ ਦੀ ਰਿਸ਼ਵਤ ਵੀ ਲੈ ਲਈ। ਇਸ ਦੀ ਵੀਡੀਓ ਸ਼ਿਕਾਇਤਕਰਤਾ ਦੇ ਘਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ।
ਜਾਂਚ ਦੌਰਾਨ ਦੋਸ਼ ਸਹੀ ਪਾਏ ਗਏ। ਇਸ ਸਬੰਧ ਵਿਚ ਮੁਲਜ਼ਮ ਦੇ ਖਿਲਾਫ ਵਿਜੀਲੈਂਸ ਬਿਊਰੋ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ।
Read More : ਰਿਕਸ਼ੇ ’ਚ ਡੋਲੀ ਲੈ ਕੇ ਘਰ ਪਹੁੰਚੇ ਕਰੋੜਪਤੀ ਕਾਨਵ ਅਤੇ ਸ਼੍ਰੇਆ
