ਜਲੰਧਰ ’ਚ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਆਉਣ ‘ਤੇ ਕਰਵਾਇਆ ਸਨਮਾਨ ਸਮਾਰੋਹ
ਜਲੰਧਰ, 28 ਜੁਲਾਈ : ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਜਲੰਧਰ ’ਚ ਪੰਜਾਬ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਆਉਣ ‘ਤੇ ਇਕ ਸਨਮਾਨ ਸਮਾਰੋਹ ਕਰਵਾਇਆ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਪੰਜਾਬ ’ਚ ਆਉਣ ਵਾਲੀਆਂ ਸਾਰੀਆਂ ਚੋਣਾਂ ਆਪਣੇ ਦਮ ‘ਤੇ ਲੜੇਗੀ ਤੇ ਜਿੱਤੇਗੀ।
ਉਨ੍ਹਾਂ ਕਿਹਾ ਕਿ ਹਰ ਮਹੀਨੇ ਹਰੇਕ ਮੰਡਲ ਤੇ ਵਿਧਾਨ ਸਭਾ ਹਲਕੇ ਦੀਆਂ ਸਮੱਸਿਆਵਾਂ ਸਬੰਧੀ ਧਰਨੇ ਲਗਾ ਕੇ ਸਰਕਾਰ ਦੀ ਅਸਲੀਅਤ ਜਨਤਾ ਦੇ ਸਾਹਮਣੇ ਲਿਆਂਦੀ ਜਾਵੇਗੀ। ਅਸ਼ਵਨੀ ਨੇ ਕਿਹਾ ਕਿ ਹਰ ਜ਼ਿਲੇ ਵਿਚ ਹਰ 2 ਮਹੀਨਿਆਂ ’ਚ, ਜ਼ਿਲਾ ਪੱਧਰ ‘ਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਜਨਤਾ ਦੇ ਸਾਹਮਣੇ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸੱਤਾ ’ਚ ਆਉਣ ਤੋਂ ਪਹਿਲਾਂ ‘ਆਪ’ ਨੇ ਕਈ ਝੂਠੇ ਵਾਅਦੇ ਕੀਤੇ ਸਨ ਪਰ ਵਾਅਦਿਆਂ ਦੇ ਨਾਮ ‘ਤੇ ਪੰਜਾਬੀਆਂ ਨੂੰ ਸਿਰਫ਼ ਧੋਖਾ ਮਿਲਿਆ ਤੇ 2027 ’ਚ ਲੋਕ ਪੰਜਾਬ ’ਚ ਭਾਜਪਾ ਨੂੰ ਮੌਕਾ ਦੇਣ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਹਰਿਆਣਾ ’ਚ ਭਾਜਪਾ ਸਰਕਾਰ 17 ਫਸਲਾਂ ਤੋਂ ਇਲਾਵਾ ਸਬਜ਼ੀਆਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੇ ਰਹੀ ਹੈ ਪਰ ਪੰਜਾਬ ਦੀ ‘ਆਪ’ ਸਰਕਾਰ ਸਿਰਫ ਆਪਣੇ ਪ੍ਰਚਾਰ ਇਸ਼ਤਿਹਾਰਾਂ ਤੱਕ ਸੀਮਤ ਹੈ। ਉਨ੍ਹਾਂ ਕਿਹਾ ਕਿ ਜੋ ਮੁੱਖ ਮੰਤਰੀ ਨਸ਼ਿਆਂ ਵਿਰੁੱਧ ਜੰਗ ਦੀ ਗੱਲ ਕਰਦੇ ਹਨ ਤੇ ਜੋ ਖੁਦ ਸਾਰਾ ਦਿਨ ਸ਼ਰਾਬ ’ਚ ਰਹਿੰਦੇ ਹਨ, ਉਹ ਪੰਜਾਬ ਨੂੰ ਕਿਵੇਂ ਨਸ਼ਾ ਮੁਕਤ ਕਰਨਗੇ।
ਉਨ੍ਹਾਂ ਕਿਹਾ ਕਿ ਭਾਜਪਾ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ‘ਤੇ ਚੱਲ ਰਹੀ ਹੈ ਤੇ ਜਦੋਂ ਪਾਰਟੀ ਸੱਤਾ ’ਚ ਆਵੇਗੀ ਤਾਂ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਸਰਕਾਰ ਦੇ ਝੂਠੇ ਚੋਣ ਵਾਅਦਿਆਂ ਨੂੰ ਰੱਦ ਕਰਕੇ ਸੂਬੇ ’ਚ ਵਿਕਾਸ ਦਾ ਨਵਾਂ ਇਤਿਹਾਸ ਲਿਖਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਸ਼ਾਂਤੀ ਤੇ ਖੁਸ਼ਹਾਲੀ ਚਾਹੁੰਦਾ ਹੈ ਤੇ ਸਿਰਫ ਭਾਜਪਾ ਹੀ ਇਸਦੀ ਤਸਵੀਰ ਬਦਲ ਸਕਦੀ ਹੈ। ਉਨ੍ਹਾਂ ਕਿਹਾ ਕਿ ਸੱਤਾ ਤਬਦੀਲੀ ਸੰਘਰਸ਼ ਨਾਲ ਹੀ ਹੋਵੇਗੀ ਤੇ ਪਾਰਟੀ ਦੀ ਜਿੱਤ ’ਚ ਏਕਤਾ ਹੀ ਮਹੱਤਵਪੂਰਨ ਭੂਮਿਕਾ ਨਿਭਾਏਗੀ
ਇਸ ਮੌਕੇ ਸਾਬਕਾ ਮੰਤਰੀ ਤੇ ਕੌਮੀ ਕਾਰਜਕਾਰਨੀ ਮੈਂਬਰ ਮਨੋਰੰਜਨ ਕਾਲੀਆ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਪ੍ਰਦੇਸ਼ ਭਾਜਪਾ ਜਨਰਲ ਸਕੱਤਰ ਰਾਕੇਸ਼ ਰਾਠੌਰ, ਸਾਬਕਾ ਸੀਪੀਐੱਸ ਤੇ ਸੂਬਾ ਮੀਤ ਪ੍ਰਧਾਨ ਕੇਡੀ ਭੰਡਾਰੀ, ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਜਗਬੀਰ ਬਰਾੜ, ਸਰਬਜੀਤ ਸਿੰਘ ਮੱਕੜ, ਸਾਬਕਾ ਸੀਪੀਐੱਸ ਅਵਿਨਾਸ਼ ਚੰਦਰ ਆਦਿ ਹਾਜ਼ਰ ਸਨ।
Read More : ਗ੍ਰਿਫਤਾਰ ਸਮੱਗਲਰ ਤੋਂ 5.506 ਕਿਲੋ ਹੋਰ ਹੈਰੋਇਨ ਮਿਲੀ