ਲੇਬਨਾਨ ਜੰਗਬੰਦੀ ਤੋਂ ਬਾਅਦ ਲਿਆ ਫੈਸਲਾ; ਡੋਨਾਲਡ ਟਰੰਪ ਨੇ ਇਰਾਨ ਦਾ ਕੀਤਾ ਧੰਨਵਾਦ; ਭਾਰਤ ਨੇ ਹੁਣ ਤੱਕ ਇਰਾਨ ‘ਚੋਂ ਕੱਢੇ 2,358 ਨਾਗਰਿਕ
ਤਹਿਰਾਨ, 17 ਅਪ੍ਰੈਲ : ਇਰਾਨ ਨੇ ਲੇਬਨਾਨ ਵਿੱਚ ਹੋਈ ਜੰਗਬੰਦੀ ਤੋਂ ਬਾਅਦ ਇੱਕ ਵੱਡਾ ਫੈਸਲਾ ਲੈਂਦਿਆਂ ਹੋਰਮੂਜ਼ ਸਟ੍ਰੇਟ ਨੂੰ ਵਪਾਰਕ ਜਹਾਜ਼ਾਂ ਦੀ ਆਵਾਜਾਈ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ।
ਇਰਾਨ ਦੇ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਘਚੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ਰਾਹੀਂ ਜਾਣਕਾਰੀ ਦਿੱਤੀ ਕਿ ਸਾਰੇ ਵਪਾਰਕ ਜਹਾਜ਼ ਹੁਣ ਇਰਾਨ ਦੇ ਪੋਰਟਸ ਅਤੇ ਮੈਰੀਟਾਈਮ ਆਰਗੇਨਾਈਜ਼ੇਸ਼ਨ ਵੱਲੋਂ ਤੈਅ ਕੀਤੇ ਗਏ ਸੁਰੱਖਿਅਤ ਰਸਤੇ ਰਾਹੀਂ ਲੰਘ ਸਕਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਦੌਰਾਨ ਜਹਾਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਸਮੁੰਦਰੀ ਵਪਾਰ ਵਿੱਚ ਕੋਈ ਰੁਕਾਵਟ ਨਾ ਆਵੇ।
ਇਸ ਫੈਸਲੇ ਦਾ ਸਵਾਗਤ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਟਰੂਥ ਸੋਸ਼ਲ’ ‘ਤੇ ਪੋਸਟ ਪਾ ਕੇ ਇਰਾਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਹੋਰਮੂਜ਼ ਸਟ੍ਰੇਟ ਦੇ ਖੁੱਲ੍ਹਣ ‘ਤੇ ਖੁਸ਼ੀ ਜ਼ਾਹਰ ਕੀਤੀ, ਜੋ ਕਿ ਵਿਸ਼ਵ ਵਪਾਰ ਲਈ ਬੇਹੱਦ ਅਹਿਮ ਰਸਤਾ ਹੈ।
ਦੂਜੇ ਪਾਸੇ, ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤ ਸਰਕਾਰ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੀ ਹੈ। ਹੁਣ ਤੱਕ ਇਰਾਨ ਤੋਂ 2,358 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਨ੍ਹਾਂ ਨਾਗਰਿਕਾਂ ਨੂੰ ਪਹਿਲਾਂ ਅਰਮੀਨੀਆ ਅਤੇ ਅਜ਼ਰਬਾਈਜਾਨ ਲਿਜਾਇਆ ਗਿਆ ਹੈ, ਜਿੱਥੋਂ ਉਨ੍ਹਾਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ।
Read More : ਭਾਜਪਾ ED ਰਾਹੀਂ ਪੰਜਾਬ ‘ਚ ਚੋਣ ਮੁਹਿੰਮ ਚਲਾ ਰਹੀ ਹੈ ਪਰ ਅਸੀਂ ਡਰਨ ਵਾਲੇ ਨਹੀਂ : ਭਗਵੰਤ ਮਾਨ
