11 ਪੰਜਾਬੀਆਂ ਸਮੇਤ 15 ਭਾਰਤੀਆਂ ਦੀ ਹੋ ਰਹੀ ਹੈ ਵਾਪਸੀ; ਮੁੱਖ ਮੰਤਰੀ ਨੇ ਕਿਹਾ- ਏਜੰਟਾਂ ‘ਤੇ ਹੋਵੇਗੀ ਸਖ਼ਤ ਕਾਰਵਾਈ
ਚੰਡੀਗੜ੍ਹ/ਦਿੱਲੀ, 29 ਅਪ੍ਰੈਲ : ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਜਾ ਰਹੇ ਪੰਜਾਬੀਆਂ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ। ਅੱਜ 11 ਪੰਜਾਬੀਆਂ ਨੂੰ ਆਸਟ੍ਰੇਲੀਆ ਤੋਂ ਵਾਪਸ ਭੇਜਿਆ ਜਾ ਰਿਹਾ ਹੈ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਉਹ ਖੁਦ ਇਹਨਾਂ ਨੌਜਵਾਨਾਂ ਨੂੰ ਲੈਣ ਲਈ ਦਿੱਲੀ ਜਾ ਰਹੇ ਹਨ।
ਮੁੱਖ ਮੰਤਰੀ ਅਨੁਸਾਰ ਕੁੱਲ 15 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਇਹਨਾਂ ਵਿੱਚੋਂ 11 ਪੰਜਾਬ ਤੋਂ, 2 ਤੇਲੰਗਾਨਾ ਤੋਂ, 1 ਹਰਿਆਣਾ ਤੋਂ ਅਤੇ 2 ਉੱਤਰਾਖੰਡ ਤੋਂ ਹਨ।
ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਵਾਪਸ ਪਰਤਣ ਵਾਲੇ ਨੌਜਵਾਨਾਂ ਤੋਂ ਪੂਰੀ ਪੁੱਛਗਿੱਛ ਕੀਤੀ ਜਾਵੇਗੀ। ਇਹ ਪਤਾ ਲਗਾਇਆ ਜਾਵੇਗਾ ਕਿ ਉਹਨਾਂ ਨੂੰ ਕਿਸ ਏਜੰਟ ਨੇ ਅਤੇ ਕਿਸ ਤਰੀਕੇ ਨਾਲ ਧੋਖਾਧੜੀ ਕਰਕੇ ਵਿਦੇਸ਼ ਭੇਜਿਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਵੀ ਏਜੰਟ ਇਸ ਮਾਮਲੇ ਵਿੱਚ ਜ਼ਿੰਮੇਵਾਰ ਪਾਏ ਜਾਣਗੇ, ਉਹਨਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਨੌਜਵਾਨ ਦਾ ਕਰੀਅਰ ਖ਼ਰਾਬ ਨਾ ਹੋਵੇ। ਪੰਜਾਬ ਸਰਕਾਰ ਨੇ ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਅਤੇ ਧੋਖੇਬਾਜ਼ ਏਜੰਟਾਂ ‘ਤੇ ਨਕੇਲ ਕੱਸਣ ਦੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਇਆ ਹੈ।
Read More : ਪਟਿਆਲਾ ਦੇ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮੁੜ ਮਿਲੀ ਧਮਕੀ
