ਗੱਡੀ ਵਿਚੋਂ ਮਿਲੀ ਲਾਸ਼
ਬਠਿੰਡਾ, 12 ਜੂਨ – ਸੋਸ਼ਲ ਮੀਡੀਆ ‘ਤੇ ਸਰਗਰਮ ਭਾਬੀ ਕਮਲ ਕੌਰ ਦੇ ਨਾਮ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਬਠਿੰਡਾ ਮੈਡੀਕਲ ਯੂਨੀਵਰਸਿਟੀ ਦੇ ਨੇੜੇ ਪਾਰਕਿੰਗ ਵਿਚ ਬੰਦ ਗੱਡੀ ਵਿਚੋਂ ਲਾਸ਼ ਮਿਲੀ ਹੈ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ।
ਪੁਲਿਸ ਇਸ ਮਾਮਲੇ ਵਿਚ ਗੈਂਗਸਟਰ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਗੈਂਗਸਟਰ ਅਰਸ਼ ਡਾਲਾ ਨੇ ਅਸ਼ਲੀਲ ਵੀਡੀਓ ਪਾਉਣ ਲਈ ਭਾਬੀ ਕਮਲ ਕੌਰ ਨੂੰ ਧਮਕੀ ਦਿੱਤੀ ਸੀ। ਪੁਲਿਸ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਜਾਇਆ ਗਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਗੱਡੀ ਵਿਚੋਂ ਬਦਬੂ ਆਉਣ ਮਗਰੋਂ ਕਿਸੇ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਉਹ ਤੁਰੰਤ ਮੌਕੇ ’ਤੇ ਪਹੁੰਚੇ। ਇਹ ਔਰਤ ਇੱਥੇ ਕਿਵੇਂ ਪਹੁੰਚੀ ਤੇ ਇਸ ਦੀ ਮੌਤ ਦੇ ਕੀ ਕਾਰਨ ਹਨ? ਉਨ੍ਹਾਂ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਦੇਖ ਕੇ ਇਹ ਲੱਗਦਾ ਹੈ ਕਿ ਇਸ ਦੀ ਮੌਤ ਇੱਥੇ ਨਹੀਂ ਹੋਈ, ਕਿਸੇ ਵਲੋਂ ਕਤਲ ਕਰ ਕੇ ਲਾਸ਼ ਨੂੰ ਗੱਡੀ ਵਿਚ ਰੱਖ ਕੇ ਇੱਥੇ ਪਾਰਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਖ਼ੁਲਾਸਾ ਹੋਵੇਗਾ।
ਦੱਸ ਦਈਏ ਕਿ ਕੰਚਨ ਕੁਮਾਰੀ ਸੋਸ਼ਲ ਮੀਡੀਆ ਉਤੇ ਅਸ਼ਲੀਲ ਵੀਡਿਓਜ਼ ਕਾਰਨ ਚਰਚਾ ਵਿਚ ਰਹਿੰਦੀ ਸੀ। ਇੰਸਟਾਗ੍ਰਾਮ ’ਤੇ ਕਮਲ ਕੌਰ ਉਰਫ ਕੰਚਨ ਕੁਮਾਰੀ ਦੇ 383K ਫ਼ੋਲੋਅਰਜ਼ ਹਨ ਅਤੇ ਕਮਲ ਕੌਰ Youtube ’ਤੇ ਵੀ ਪੂਰੀ ਤਰੀਕੇ ਨਾਲ ਸਰਗਰਮ ਸੀ।
Read More : ਨਵ-ਵਿਆਹੇ ਜੋੜੇ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ