ਇਕ ਮਰੀਜ਼ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਤੋਂ ਲੁਧਿਆਣਾ ਜਾ ਰਹੀ ਸੀ ਐਂਬੂਲੈਂਸ
ਹੁਸ਼ਿਆਰਪੁਰ, 6 ਸਤੰਬਰ : ਹੁਸ਼ਿਆਰਪੁਰ-ਹਿਮਾਚਲ ਸਰਹੱਦ ’ਤੇ ਸਥਿਤ ਪਿੰਡ ਮੰਗੂਵਾਲ ਵਿਚ ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਤੋਂ ਆ ਰਹੀ ਇਕ ਐਂਬੂਲੈਂਸ ਖੱਡ ਵਿਚ ਡਿੱਗ ਪਈ। ਜਿਸ ਕਾਰਨ ਇਸ ਵਿਚ ਸਵਾਰ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਐਂਬੂਲੈਂਸ ਇਕ ਮਰੀਜ਼ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਤੋਂ ਲੁਧਿਆਣਾ ਜਾ ਰਹੀ ਸੀ।
ਪਿੰਡ ਦੇ ਸਰਪੰਚ ਨੇ ਦੱਸਿਆ ਕਿ ਰਾਤ 3.30 ਵਜੇ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਇਕ ਧਮਾਕੇ ਦੀ ਆਵਾਜ਼ ਆਈ ਹੈ। ਇਸ ਤੋਂ ਬਾਅਦ ਇਕ ਔਰਤ ਦੀ ‘ਬਚਾਓ, ਬਚਾਓ’ ਦੀਆਂ ਆਵਾਜ਼ ਸੁਣਾਈ ਦਿੱਤੀਆਂ। ਇਸ ਤੋਂ ਉਪਰੰਤ ਜਦੋਂ ਉਹ ਪਿੰਡ ਦੇ ਕੁਝ ਨੌਜਵਾਨਾਂ ਨੂੰ ਨਾਲ ਲੈ ਕੇ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਐਂਬੂਲੈਂਸ ਵਿਚੋਂ ਸਾਰੇ ਲੋਕ ਇੱਧਰ-ਉੱਧਰ ਡਿੱਗੇ ਹੋਏ ਸਨ ਅਤੇ ਇਕ ਔਰਤ ਐਂਬੂਲੈਂਸ ਦੇ ਹੇਠਾਂ ਆਈ ਹੋਈ ਹੈ। ਉਨ੍ਹਾਂ ਦੱਸਿਆ ਕਿ ਉੱਥੇ 2 ਲੋਕਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਇਕ ਦੀ ਉੱਪਰ ਲਿਜਾਂਦੇ ਸਮੇਂ ਰਸਤੇ ਵਿਚ ਹੀ ਮੌਤ ਹੋ ਗਈ।
ਉਨ੍ਹਾਂ ਨੇ ਅੌਰਤ ਨੂੰ ਬਹੁਤ ਮੁਸ਼ਕਿਲ ਨਾਲ ਗੱਡੀ ਦੇ ਹੇਠੋਂ ਕੱਢਿਆ ਅਤੇ ਉੱਪਰ ਪਹੁੰਚਾਇਆ। ਉਨ੍ਹਾਂ ਨੇ ਇਸ ਤੋਂ ਪਹਿਲਾਂ 108 ਐਂਬੂਲੈਂਸ ਨੂੰ ਫੋਨ ਕਰ ਦਿੱਤਾ ਸੀ। ਜਿਸ ’ਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਸਰਪੰਚ ਨੇ ਦੱਸਿਆ ਕਿ ਜਿਸ ਜਗ੍ਹਾ ’ਤੇ ਸੜਕ ਟੁੱਟੀ ਸੀ, ਉੱਥੇ ਬੈਰੀਕੇਡ ਵੀ ਲਾਏ ਹੋਏ ਸਨ ਪਰ ਉਸ ਵਿਚ ਥੋੜ੍ਹਾ ਗੈਪ ਸੀ। ਸ਼ਾਇਦ ਕਿਸੇ ਕਾਰਨ ਡਰਾਈਵਰ ਐਂਬੂਲੈਂਸ ਨੂੰ ਕੰਟਰੋਲ ਨਹੀਂ ਕਰ ਸਕਿਆ ਅਤੇ ਗੱਡੀ ਲਗਭਗ 350-400 ਫੁੱਟ ਹੇਠਾਂ ਖੱਡ ਵਿਚ ਜਾ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿਚ ਸਵਾਰ 4 ਲੋਕ ਇਕੋ ਹੀ ਪਰਿਵਾਰ ਦੇ ਸਨ।
ਔਰਤ ਨੇ ਦੱਸਿਆ ਕਿ ਉਸਦੇ ਪਿਤਾ ਨੂੰ ਹਾਰਟ ਅਟੈਕ ਹੋ ਗਿਆ ਸੀ। ਇਸ ਕਾਰਨ ਉਸ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਸੀ। ਉਸਨੇ ਦੱਸਿਆ ਕਿ ਉਸਦੇ 2 ਜਵਾਈ ਅਤੇ ਪਿਤਾ ਦੀ ਮੌਤ ਹੋ ਗਈ। ਜਦੋਂ ਕਿ ਡਰਾਈਵਰ ਅਤੇ ਉਕਤ ਔਰਤ ਦੀ ਹਾਲਤ ਗੰਭੀਰ ਹੈ।
ਸਰਪੰਚ ਨੇ ਦੱਸਿਆ ਕਿ ਸੜਕ ਦੀ ਮੁਰੰਮਤ ਕਰਨਾ ਜ਼ਰੂਰੀ ਹੈ ਪਰ ਹੁਣ ਇਹ ਕੰਮ ਬਰਸਾਤ ਤੋਂ ਬਾਅਦ ਹੀ ਹੋਵੇਗਾ। ਕਿਉਂਕਿ ਬਾਰਿਸ਼ ਕਾਰਨ ਇਸਦੀ ਮੁਰੰਮਤ ਕਰਨਾ ਮੁਸ਼ਕਿਲ ਹੈ। ਹਨੇਰਾ ਹੋਣ ਕਾਰਨ ਲੋਕਾਂ ਨੂੰ ਹੇਠਾਂ ਐਂਬੂਲੈਂਸ ਤੱਕ ਪਹੁੰਚਣ ਵਿਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਪਰ ਫਿਰ ਵੀ ਉਨ੍ਹਾਂ ਨੇ ਹਿੰਮਤ ਕਰ ਕੇ 2 ਲੋਕਾਂ ਨੂੰ ਬਚਾਅ ਲਿਆ।
Read More : ਹੜ੍ਹ ਪ੍ਰਭਾਵਿਤ ਲੋਕਾਂ ਲਈ 29 ਕੈਂਪ ਹੋਰ ਸਥਾਪਿਤ : ਮੰਤਰੀ ਮੁੰਡੀਆਂ