ਏਸੀ ’ਚ ਧਮਾਕੇ ਕਾਰਨ ਵਾਪਰਿਆ ਹਾਦਸਾ; ਫਾਇਰ ਬ੍ਰਿਗੇਡ ਨੇ ਬਾਲਕੋਨੀਆਂ ਰਾਹੀਂ ਕੱਢੇ ਲੋਕ
ਨਵੀਂ ਦਿੱਲੀ, 3 ਮਈ : ਦਿੱਲੀ ਦੇ ਸ਼ਾਹਦਰਾ ਸਥਿਤ ਵਿਵੇਕ ਵਿਹਾਰ ’ਚ ਅੱਜ ਸਵੇਰੇ ਇਕ ਚਾਰ ਮੰਜ਼ਿਲਾ ਇਮਾਰਤ ’ਚ ਭਿਆਨਕ ਅੱਗ ਲੱਗਣ ਕਾਰਨ ਨੌਂ ਲੋਕਾਂ ਦੀ ਮੌਤ ਹੋ ਗਈ। ਅੱਗ ਇਮਾਰਤ ਦੀ ਦੂਜੀ, ਤੀਜੀ ਅਤੇ ਚੌਥੀ ਮੰਜ਼ਿਲ ’ਤੇ ਫੈਲ ਗਈ ਸੀ। ਬਚਾਅ ਕਾਰਜਾਂ ਦੌਰਾਨ 10-15 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਦਕਿ ਦੋ ਜ਼ਖ਼ਮੀਆਂ ਨੂੰ ਇਲਾਜ ਲਈ ਗੁਰੂ ਤੇਗ ਬਹਾਦਰ ਹਸਪਤਾਲ ਲਿਜਾਇਆ ਗਿਆ ਹੈ।
ਸਥਾਨਕ ਨਿਵਾਸੀਆਂ ਅਨੁਸਾਰ ਸਵੇਰੇ 3:13 ਵਜੇ ਦੇ ਕਰੀਬ ਏਸੀ ’ਚ ਧਮਾਕਾ ਹੋਣ ਕਾਰਨ ਅੱਗ ਲੱਗੀ। ਫਾਇਰ ਬ੍ਰਿਗੇਡ ਦੀਆਂ ਬਾਰਾਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਸ਼ਾਹਦਰਾ ਦੇ ਡੀਸੀਪੀ ਰਾਜੇਂਦਰ ਪ੍ਰਸਾਦ ਮੀਣਾ ਨੇ ਦੱਸਿਆ ਕਿ ਪੁਲਸ ਨੂੰ ਸਵੇਰੇ 4 ਵਜੇ ਫ਼ੋਨ ਆਇਆ ਸੀ, ਜਿਸ ਤੋਂ ਬਾਅਦ ਤੁਰੰਤ ਕਾਰਵਾਈ ਸ਼ੁਰੂ ਕੀਤੀ ਗਈ। ਅੱਗ ਕਾਰਨ ਫਸੇ ਬਹੁਤ ਸਾਰੇ ਲੋਕਾਂ ਨੂੰ ਬਾਲਕੋਨੀਆਂ ਅਤੇ ਖਿੜਕੀਆਂ ਰਾਹੀਂ ਬਾਹਰ ਕੱਢਿਆ ਗਿਆ।
ਫਿਲਹਾਲ ਇਮਾਰਤ ’ਚ ਖੋਜ ਮੁਹਿੰਮ ਜਾਰੀ ਹੈ ਕਿਉਂਕਿ ਕੁਝ ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਸਥਾਨਕ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਸਥਿਤੀ ’ਤੇ ਨਜ਼ਰ ਰੱਖ ਰਹੀਆਂ ਹਨ।
Read More : GST ਸੰਗ੍ਰਹਿ ‘ਚ ਪੰਜਾਬ ਨੇ ਰਚਿਆ ਇਤਿਹਾਸ; ਵਿਕਾਸ ਦਰ ਵਿੱਚ ਦੇਸ਼ ਭਰ ‘ਚੋਂ ਪਹਿਲਾ ਸਥਾਨ ਹਾਸਲ
