ਇਲਾਕੇ ਵਿਚ ਪੁਲਸ ਅਤੇ ਫੌਜ ਨੇ ਚਲਾਇਆ ਸਰਚ ਆਪ੍ਰੇਸ਼ਨ
ਗੁਰਦਾਸਪੁਰ, 27 ਜਨਵਰੀ : ਜ਼ਿਲਾ ਗੁਰਦਾਸਪੁਰ ਵਿਚ ਬੀਤੀ ਰਾਤ ਕੌਮਾਂਤਰੀ ਸਰਹੱਦ ਤੋਂ 8 ਕਿਲੋਮੀਟਰ ਦੀ ਦੂਰੀ ’ਤੇ ਬਲਾਕ ਦੋਰਾਂਗਲਾ ਦੇ ਅਧੀਨ ਪੈਂਦੀ ਸਰਹੱਦੀ ਪਿੰਡ ਉਮਰਪੁਰ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਜ਼ਦੀਕ ਕਣਕ ਦੇ ਖੇਤਾਂ ’ਚ ਲੋਕਾਂ ਵੱਲੋਂ ਸ਼ੱਕੀ ਡਰੋਨ ਦਿਸਣ ਦਾ ਦਾਅਵਾ ਕੀਤਾ ਹੈ ਅਤੇ ਡਰੋਨ ਪਾਕਿਸਤਾਨ ਵਾਲੇ ਪਾਸੇ ਤੋਂ ਆਉਣ ਬਾਰੇ ਥਾਣਾ ਦੋਰਾਂਗਲਾ ਦੀ ਪੁਲਸ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ ’ਤੇ ਬੀ. ਐੱਸ. ਐੱਫ. ਨੇ ਮੌਕੇ ’ਤੇ ਪੁਲਸ ਨਾਲ ਸੰਪਰਕ ਕੀਤਾ ਅਤੇ ਖੇਤਰ ਨੂੰ ਸੀਲ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਅਜੇ ਤੱਕ ਕੁਝ ਵੀ ਬਰਾਮਦ ਨਹੀਂ ਹੋਇਆ ਹੈ। ਇਲਾਕੇ ’ਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਥਾਣਾ ਦੋਰਾਂਗਲਾ ਦੇ ਪੁਲਸ ਐੱਸ. ਐੱਚ. ਓ. ਬਨਾਰਸੀ ਦਾਸ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਭਾਰਤ-ਪਾਕਿਸਤਾਨ ਸਰਹੱਦੀ ਤੋਂ ਪਿੰਡ ਉਮਰਪੁਰ ਕਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਜ਼ਦੀਕ ਖੇਤਾਂ ’ਚ ਡਰੋਨ ਦੇਖਣ ਦੀ ਲੋਕਾਂ ਨੇ ਸੂਚਨਾ ਪੁਲਸ ਨੂੰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਰਹੱਦੀ ਖੇਤਰ ਦੀਆਂ ਸਾਰੀਆਂ ਸੜਕਾਂ ਨੂੰ ਸੀਲ ਕਰ ਦਿੱਤਾ। ਪੁਲਸ ਬਲਾਂ ਨੂੰ ਤਾਇਨਾਤ ਕੀਤਾ ਗਿਆ ਸੀ ਅਤੇ ਡਰੋਨ ਦੀ ਗਤੀਵਿਧੀ ਵਾਲੇ ਖੇਤਰ ’ਚ ਲਗਭਗ ਢਾਈ ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾਈ ਗਈ।
ਇਸ ਦੌਰਾਨ ਕੁਝ ਵੀ ਬਰਾਮਦ ਨਹੀਂ ਹੋਇਆ ਹੈ। ਹਾਲਾਂਕਿ, ਉਹ ਹੁਣ ਇਲਾਕੇ ’ਚ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਸਕੈਨ ਕਰ ਰਹੇ ਹਨ ਅਤੇ ਖੁਫੀਆ ਸੂਤਰਾਂ ਨੂੰ ਸਰਗਰਮ ਕਰ ਰਹੇ ਹਨ।
Read More : ਨੇਪਾਲੀ ਜੋੜੇ ਨੇ ਬਿਲਡਰ ਦੇ ਘਰ ’ਚੋਂ 18 ਕਰੋੜ ਦੀ ਕੀਤੀ ਚੋਰੀ
