ਕਰੀਬ 25 ਸਕੂਲੀ ਬੱਚੇ ਵਾਲ-ਵਾਲ
ਬਰਨਾਲਾ, 10 ਜੁਲਾਈ : ਜ਼ਿਲਾ ਬਰਨਾਲਾ ਦੇ ਪਿੰਡ ਕਲਾਲ ਮਾਜਰਾ ਅਤੇ ਕਿਰਪਾਲੇ ਵਾਲ ਲਿੰਕ ਸੜਕ ’ਤੇ ਇਕ ਭਿਆਨਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ’ਚ ਇਕ ਸਕੂਲੀ ਬੱਸ ਪਲਟਨ ਕਾਰਨ ਬੱਸ ਦੇ ਕੰਡਕਟਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਬੱਸ ’ਚ ਸਵਾਰ ਕਰੀਬ 25 ਸਕੂਲੀ ਬੱਚੇ ਵਾਲ-ਵਾਲ ਬਚ ਗਏ।
ਜਾਣਕਾਰੀ ਅਨੁਸਾਰ ਮਹਿਲ ਕਲਾਂ ਦੇ ਇਕ ਪ੍ਰਾਈਵੇਟ ਸਕੂਲ ਦੀ ਬੱਸ ਪਿੰਡ ਕਿਰਪਾਲ ਸਿੰਘ ਵਾਲਾ (ਬਰਨਾਲਾ) ਦੀ ਲਿੰਕ ਸੜਕ ’ਤੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਅਚਾਨਕ ਬੱਸ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਬੱਸ ਦਾ ਕੰਡਕਟਰ ਬੱਸ ਹੇਠਾਂ ਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਕੰਡਕਟਰ ਦੀ ਪਛਾਣ ਅੰਮ੍ਰਿਤਪਾਲ ਸਿੰਘ ਕਾਲੂ (30) ਪੁੱਤਰ ਜਗਦੇਵ ਸਿੰਘ ਵਾਸੀ ਕਲਾਲ ਮਾਜਰਾ (ਬਰਨਾਲਾ) ਵਜੋਂ ਹੋਈ ਹੈ।
ਇਸ ਹਾਦਸੇ ’ਚ ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਰਹੀ ਕਿ ਬੱਸ ’ਚ ਸਵਾਰ 20-25 ਦੇ ਕਰੀਬ ਸਕੂਲੀ ਬੱਚਿਆਂ ਦਾ ਬਚਾਅ ਹੋ ਗਿਆ। ਹਾਲਾਂਕਿ ਕਈ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਕਿਸੇ ਵੀ ਬੱਚੇ ਨੂੰ ਗੰਭੀਰ ਸੱਟ ਨਹੀਂ ਲੱਗੀ।
ਬੱਸ ਪਲਟਨ ਦੀ ਘਟਨਾ ਦੀ ਖਬਰ ਸੁਣਦਿਆਂ ਹੀ ਸਕੂਲੀ ਬੱਚਿਆਂ ਦੇ ਮਾਪਿਆਂ ਦੇ ਹੱਥਾਂ-ਪੈਰਾਂ ਦੀ ਪੈ ਗਈ। ਉਹ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਦੇਖ ਕੇ ਉਨ੍ਹਾਂ ਨੇ ਸੁੱਖ ਦਾ ਸਾਹ ਲਿਆ।
ਦੂਜੇ ਪਾਸੇ ਬੱਸ ਡਰਾਈਵਰ ਨੇ ਦੱਸਿਆ ਕਿ ਸਾਹਮਣੇ ਤੋਂ ਅਚਾਨਕ ਇਕ ਵਾਹਨ ਆ ਗਿਆ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ ’ਚ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਸਬੰਧੀ ਐੱਸ. ਐੱਚ. ਓ. ਸ਼ੇਰਵਿੰਦਰ ਸਿੰਘ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਹਾਦਸੇ ਸਬੰਧੀ ਐਂਬੂਲੈਂਸ ਇਕ ਘੰਟੇ ਬਾਅਦ ਦੇਰੀ ਨਾਲ ਪਹੁੰਚੀ, ਜਿਸ ’ਤੇ ਸਥਾਨਕ ਲੋਕਾਂ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਗੁੱਸਾ ਜ਼ਾਹਿਰ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਐਂਬੂਲੈਂਸ ਸਮੇਂ ਸਿਰ ਪਹੁੰਚ ਜਾਂਦੀ ਤਾਂ ਸ਼ਾਇਦ ਕੰਡਕਟਰ ਦੀ ਜਾਨ ਬਚਾਈ ਜਾ ਸਕਦੀ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਦੀ ਪੂਰੀ ਜਾਂਚ ਦੀ ਮੰਗ ਕੀਤੀ ਹੈ।