ਕਿਹਾ— ਭੱਜ ਜਾਓ ਨਹੀਂ ਤਾਂ ਚੁੱਕ ਕੇ ਬਾਹਰ ਮਾਰਾਂਗਾ; ਮੂਸੇਵਾਲਾ ਸਟਾਈਲ ’ਚ ਪੱਟ ’ਤੇ ਥਾਪੀ ਮਾਰ ਕੇ ਦਿੱਤੀ ਚੁਣੌਤੀ
ਵਾਸ਼ਿੰਗਟਨ, 2 ਮਈ : ਪੰਜਾਬੀ ਅਤੇ ਬਾਲੀਵੁੱਡ ਗਾਇਕ ਦਿਲਜੀਤ ਦੋਸਾਂਝ ਆਪਣੇ ‘ਔਰਾ ਵਰਲਡ ਟੂਰ’ ਤਹਿਤ ਅਮਰੀਕਾ ਦੇ ਕੈਲਗਰੀ ’ਚ ਕਰਵਾਏ ਗਏ ਸ਼ੋਅ ਦੌਰਾਨ ਖ਼ਾਲਿਸਤਾਨੀ ਸਮਰਥਕਾਂ ’ਤੇ ਬੁਰੀ ਤਰ੍ਹਾਂ ਭੜਕ ਗਏ। ਸ਼ੋਅ ਦੌਰਾਨ ਜਦੋਂ ਕੁਝ ਲੋਕਾਂ ਨੇ ਪੋਸਟਰ ਦਿਖਾਉਣੇ ਸ਼ੁਰੂ ਕੀਤੇ ਤਾਂ ਦਿਲਜੀਤ ਨੇ ਸਟੇਜ ਤੋਂ ਹੀ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ। ਦਿਲਜੀਤ ਪਹਿਲੀ ਵਾਰ ਆਪਣੇ ਕਿਸੇ ਸ਼ੋਅ ’ਚ ਇੰਨੇ ਗੁੱਸੇ ’ਚ ਨਜ਼ਰ ਆਏ।
ਮੈਦਾਨ ’ਚ ਆਉਣ ਦੀ ਦਿੱਤੀ ਚੁਣੌਤੀ
ਦਿਲਜੀਤ ਨੇ ਸਿੱਧੂ ਮੂਸੇਵਾਲਾ ਦੇ ਅੰਦਾਜ਼ ’ਚ ਆਪਣੇ ਪੱਟ ’ਤੇ ਥਾਪੀ ਮਾਰਦਿਆਂ ਕਿਹਾ, “ਜਿਸ ਨੇ ਆਉਣਾ ਹੈ ਮੈਦਾਨ ’ਚ ਆ ਜਾਵੇ, ਮੈਂ ਚੁੱਕ ਕੇ ਬਾਹਰ ਮਾਰਾਂਗਾ।” ਉਨ੍ਹਾਂ ਸਵਾਲ ਕੀਤਾ ਕਿ ਇਹ ਵਿਰੋਧ ਕਰਨ ਵਾਲਿਆਂ ਨੇ ਪੰਜਾਬ ਲਈ ਅੱਜ ਤੱਕ ਕੀ ਕੀਤਾ ਹੈ? ਦਿਲਜੀਤ ਨੇ ਕਿਹਾ ਕਿ ਜਦੋਂ ਪੰਜਾਬ ’ਚ ਹੜ੍ਹ ਆਏ ਸਨ ਤਾਂ ਉਨ੍ਹਾਂ ਨੇ ਅੱਗੇ ਹੋ ਕੇ ਲੋਕਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਦੇ ਘਰ ਬਣਵਾਏ।
ਕੌਮਾਂਤਰੀ ਮੰਚਾਂ ’ਤੇ ਪੰਜਾਬ ਦੀ ਗੱਲ
ਬਿਨਾਂ ਨਾਂ ਲਏ ਇਕ ਪੁਰਾਣੇ ਸ਼ੋਅ ਦਾ ਜ਼ਿਕਰ ਕਰਦਿਆਂ ਦਿਲਜੀਤ ਨੇ ਕਿਹਾ ਕਿ ਸਾਡੇ ਲੋਕਾਂ ਦੀ ਆਵਾਜ਼ ਨੈਸ਼ਨਲ ਮੀਡੀਆ ਤੱਕ ਨਹੀਂ ਪਹੁੰਚ ਰਹੀ ਸੀ, ਇਸ ਲਈ ਉਹ ਉਸ ਸ਼ੋਅ ’ਚ ਗਏ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉੱਥੇ ਜਾ ਕੇ ਉਨ੍ਹਾਂ ਨੇ ਆਪਣੀ ਜਾਂ ਫ਼ਿਲਮ ਦੀ ਪ੍ਰਮੋਸ਼ਨ ਨਹੀਂ ਕੀਤੀ, ਸਗੋਂ ਪੰਜਾਬ ਦੇ ਭਲੇ ਲਈ ਫੰਡ ਇਕੱਠਾ ਕੀਤਾ।
ਦਿਲਜੀਤ ਨੇ ‘ਜਿੰਮੀ ਫੈਲਨ’ ਦੇ ਸ਼ੋਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਨੂੰ ਉੱਥੇ ਜਾਣ ਦੀ ਕੀ ਲੋੜ ਸੀ, ਪਰ ਮੈਂ ਉੱਥੇ ਵੀ ਪੰਜਾਬ ਦੀ ਗੱਲ ਕੀਤੀ ਅਤੇ ‘ਕਾਮਾਗਾਟਾਮਾਰੂ’ ਘਟਨਾ ਦਾ ਜ਼ਿਕਰ ਕਰਕੇ ਦੁਨੀਆ ਨੂੰ ਇਤਿਹਾਸ ਬਾਰੇ ਦੱਸਿਆ।
Read More : ਦਿੱਲੀ ’ਚ ਜੱਜ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
