5 ਮਈ ਨੂੰ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ; ਮੁੱਖ ਮੰਤਰੀ ਨੇ ਵਿਰੋਧੀ ਧਿਰ ਦੀਆਂ ਅਫਵਾਹਾਂ ਨੂੰ ਨਕਾਰਿਆ
ਚੰਡੀਗੜ੍ਹ, 01 ਮਈ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਵਿੱਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਵਿਸ਼ਵਾਸ ਮਤਾ ਪੇਸ਼ ਕੀਤਾ, ਜੋ ਸਦਨ ਵਿੱਚ ਸਰਬਸੰਮਤੀ ਨਾਲ ਪਾਸ ਹੋ ਗਿਆ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਹ ਇਸ ਮਤੇ ਦੀ ਕਾਪੀ ਲੈ ਕੇ 5 ਮਈ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਸਦਨ ਨੂੰ ਉਨ੍ਹਾਂ ਕਿਹਾ ਕਿ ਨਕਾਰਾਤਮਕ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਪਰ ‘ਆਪ’ ਸਰਕਾਰ ਪੂਰੀ ਤਰ੍ਹਾਂ ਸਥਿਰ, ਇੱਕਜੁੱਟ ਅਤੇ ਲੋਕ ਹਿੱਤ ਦੇ ਏਜੰਡੇ ‘ਤੇ ਕਾਇਮ ਹੈ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਰਾਸ਼ਟਰੀ ਪੱਧਰ ’ਤੇ ਜੰਮੂ-ਕਸ਼ਮੀਰ (ਡੋਡਾ) ਤੋਂ ਲੈ ਕੇ ਗੋਆ, ਗੁਜਰਾਤ ਅਤੇ ਦਿੱਲੀ ਤੱਕ ਮਜ਼ਬੂਤੀ ਨਾਲ ਫੈਲੀ ਹੋਈ ਹੈ। ਉਨ੍ਹਾਂ ਕਾਂਗਰਸ ਅਤੇ ਭਾਜਪਾ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਮਿਲ ਕੇ ‘ਆਪ’ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਈਡੀ ਦੀਆਂ ਛਾਪੇਮਾਰੀਆਂ ’ਤੇ ਚੁੱਪ ਰਹਿ ਕੇ ਭਾਜਪਾ ਦਾ ਸਾਥ ਦੇ ਰਹੀ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਤੇ ਦਾ ਸਮਰਥਨ ਕਰਦਿਆਂ ਵਿਰੋਧੀ ਧਿਰ ’ਤੇ ਰਾਜਨੀਤਿਕ ਮਾਹੌਲ ਵਿਗਾੜਨ ਦੇ ਦੋਸ਼ ਲਾਏ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਵਿਰੋਧੀਆਂ ਦੇ ਮੂੰਹ ਬੰਦ ਕਰਨ ਲਈ ਇਹ ਮਤਾ ਲਿਆਉਣਾ ਜ਼ਰੂਰੀ ਸੀ। ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਕਿ ਉਹ ਆਖਰੀ ਸਾਹ ਤੱਕ ਪਾਰਟੀ ਦੇ ਨਾਲ ਖੜ੍ਹੇ ਰਹਿਣਗੇ। ਸਦਨ ਵਿੱਚ ਮੌਜੂਦ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੇ ਬਾਹਾਂ ਖੜ੍ਹੀਆਂ ਕਰਕੇ ਮੁੱਖ ਮੰਤਰੀ ਦੇ ਹੱਕ ਵਿੱਚ ਆਪਣਾ ਸਮਰਥਨ ਦਿੱਤਾ।
ਸੈਸ਼ਨ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਅਤੇ ਸਾਰੇ ਵਿਧਾਇਕਾਂ ਦੇ ‘ਡਰੱਗ ਟੈਸਟ’ ਦੀ ਮੰਗ ਨੂੰ ਲੈ ਕੇ ਸਪੀਕਰ ਨੂੰ ਪੱਤਰ ਸੌਂਪਿਆ। ਸਪੀਕਰ ਵੱਲੋਂ ਇਹ ਮੰਗ ਰੱਦ ਕਰਨ ’ਤੇ ਸਦਨ ਵਿੱਚ ਭਾਰੀ ਸ਼ੋਰ-ਸ਼ਰਾਬਾ ਹੋਇਆ। ਇਸ ਦੌਰਾਨ ਮੁੱਖ ਮੰਤਰੀ ਨੇ ਕਾਂਗਰਸੀ ਵਿਧਾਇਕਾਂ ਵੱਲੋਂ ਸਦਨ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰਨ ’ਤੇ ਵੀ ਸਖ਼ਤ ਟਿੱਪਣੀ ਕੀਤੀ।
Read More : ਕੇਂਦਰੀ ਮੰਤਰੀ ਜੇ. ਪੀ. ਨੱਡਾ ਵੱਲੋਂ ਨਾਈਪਰ ਵਿਖੇ ਔਸ਼ਧੀ ਰਸੀਲੇ ਪੌਦਿਆਂ ਦੇ ਵਿਸ਼ੇਸ਼ ਗਾਰਡਨ ਦਾ ਉਦਘਾਟਨ
