ਮੁਢਲੀ ਜਾਂਚ ਤੋਂ ਬਾਅਦ ਸਬੰਧਤ ਜ਼ਿਲਿਆਂ ਦੀ ਪੁਲਸ ਅਤੇ ਮਾਪਿਆਂ ਦੇ ਕੀਤਾ ਹਵਾਲੇ
ਪਟਿਆਲਾ, 30 ਅਪ੍ਰੈਲ : ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਗਏ 9 ਪੰਜਾਬੀਆਂ ਨੂੰ ਵੀਰਵਾਰ ਦੁਪਹਿਰ ਬਾਅਦ ਪਟਿਆਲਾ ਪੁਲਸ ਲਾਈਨ ਵਿਖੇ ਲਿਆਂਦਾ ਗਿਆ। ਇਨ੍ਹਾਂ ਵਿਅਕਤੀਆਂ ’ਚ ਇਕ ਔਰਤ ਵੀ ਸ਼ਾਮਲ ਸੀ। ਦਿੱਲੀ ਪੁਲਸ ਦੀ ਨਿਗਰਾਨੀ ਹੇਠ ਲਿਆਂਦੇ ਗਏ ਇਨ੍ਹਾਂ ਵਿਅਕਤੀਆਂ ਨੂੰ ਮੁਢਲੀ ਵੈਰੀਫਿਕੇਸ਼ਨ ਤੋਂ ਬਾਅਦ ਉਨ੍ਹਾਂ ਦੇ ਸਬੰਧਤ ਜ਼ਿਲਿਆਂ ਦੀ ਪੁਲਸ ਅਤੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਡਿਪੋਰਟ ਕੀਤੇ ਇਹ ਨੌਜਵਾਨ ਜਲੰਧਰ, ਹੁਸ਼ਿਆਰਪੁਰ, ਖੰਨਾ, ਮੋਗਾ, ਨਵਾਂਸ਼ਹਿਰ, ਗੜ੍ਹਸ਼ੰਕਰ, ਤਰਨ ਤਾਰਨ, ਫ਼ਿਰੋਜ਼ਪੁਰ ਅਤੇ ਰੂਪਨਗਰ ਨਾਲ ਸਬੰਧਤ ਸਨ। ਪਟਿਆਲਾ ਜ਼ਿਲੇ ਨਾਲ ਸਬੰਧਤ ਕੋਈ ਵੀ ਵਿਅਕਤੀ ਨਾ ਹੋਣ ਕਾਰਨ, ਸਾਰਿਆਂ ਨੂੰ ਇਕੱਠੇ ਇੱਥੇ ਲਿਆਂਦਾ ਗਿਆ ਅਤੇ ਸ਼ਾਮ ਕਰੀਬ ਸਾਢੇ ਚਾਰ ਵਜੇ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਕੇ ਉਨ੍ਹਾਂ ਦੇ ਮਾਪਿਆਂ ਨੂੰ ਸੌਂਪ ਦਿੱਤਾ ਗਿਆ। ਇਸ ਦੌਰਾਨ ਡਿਪੋਰਟ ਹੋ ਕੇ ਆਏ ਵਿਅਕਤੀਆਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ।
ਇਸੇ ਦੌਰਾਨ ਪਿੰਡ ਦੋਧਰਾ ਦੇ ਰਹਿਣ ਵਾਲੇ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਹਰਪ੍ਰੀਤ ਸਿੰਘ ਲਗਭਗ ਅੱਠ ਸਾਲ ਪਹਿਲਾਂ ਪੜ੍ਹਾਈ ਦੇ ਆਧਾਰ ’ਤੇ ਆਸਟ੍ਰੇਲੀਆ ਗਿਆ ਸੀ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਦੀ ਪਤਨੀ ਵੀ ਉੱਥੇ ਹੀ ਰਹਿੰਦੀ ਸੀ, ਪਰ ਦੋਵਾਂ ਵਿਚਾਲੇ ਅਣਬਣ ਹੋਣ ਕਾਰਨ ਹਰਪ੍ਰੀਤ ਦੇ ਕਾਗਜ਼ ਮੁਕੰਮਲ ਨਹੀਂ ਹੋ ਸਕੇ। ਇਸ ਕਾਰਨ ਉਹ ਉੱਥੇ ਗੈਰ-ਕਾਨੂੰਨੀ ਤੌਰ ’ਤੇ ਰਹਿਣ ਦਾ ਦੋਸ਼ੀ ਬਣ ਗਿਆ। ਮਨਜੀਤ ਸਿੰਘ ਅਨੁਸਾਰ ਉਨ੍ਹਾਂ ਨੇ ਕਰੀਬ 30 ਲੱਖ ਰੁਪਏ ਖ਼ਰਚ ਕਰਕੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ।
Read More : ਵਿਜੀਲੈਂਸ ਵੱਲੋਂ 4000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਗ੍ਰਿਫ਼ਤਾਰ
