ਵਿਜੀਲੈਂਸ

ਵਿਜੀਲੈਂਸ ਵੱਲੋਂ 4000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਗ੍ਰਿਫ਼ਤਾਰ

ਜ਼ਮੀਨ ਫ਼ੱਕ ਕਰਨ ਤੇ ਇੰਤਕਾਲ ਬਦਲੇ ਮੰਗੀ ਸੀ ਰਿਸ਼ਵਤ, ਮਾਤਾ ਦੇ ਖਾਤੇ ’ਚ ਗੂਗਲ-ਪੇਅ ਰਾਹੀਂ ਮੰਗਵਾਏ ਪੈਸੇ

ਬਰਨਾਲਾ, 30 ਅਪ੍ਰੈਲ: ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਵਿਜੀਲੈਂਸ ਬਿਊਰੋ, ਯੂਨਿਟ ਬਰਨਾਲਾ ਨੇ ਇਕ ਵੱਡੀ ਕਾਰਵਾਈ ਕਰਦਿਆਂ ਮਾਲ ਹਲਕਾ ਕੱਟੂ ਦੇ ਪਟਵਾਰੀ ਨੂੰ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਐਂਟੀ-ਕਰੱਪਸ਼ਨ ਐਕਸ਼ਨ ਲਾਈਨ ’ਤੇ ਪ੍ਰਾਪਤ ਹੋਈ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਅਮਲ ’ਚ ਲਿਆਂਦੀ ਗਈ ਹੈ।

ਜਾਣਕਾਰੀ ਅਨੁਸਾਰ, ਸ਼ਿਕਾਇਤਕਰਤਾ ਬਸੀਰ ਖਾਂ ਨੇ ਵਿਜੀਲੈਂਸ ਨੂੰ ਦੱਸਿਆ ਸੀ ਕਿ ਉਸ ਦੇ ਪਿਤਾ ਦਿਲਾਵਰ ਖਾਂ ਨੇ ਸਾਲ 2014 ਦੌਰਾਨ ਪਿੰਡ ਕੱਟੂ ਵਿਚ ਪੈਂਦੀ ਆਪਣੀ ਵਾਹੀਯੋਗ ਜ਼ਮੀਨ ’ਤੇ ਬੈਂਕ ਤੋਂ 2,70,000 ਰੁਪਏ ਦਾ ਕਰਜ਼ਾ ਲਿਆ ਸੀ। ਕਰਜ਼ੇ ਦੀ ਪੂਰੀ ਅਦਾਇਗੀ ਤੋਂ ਬਾਅਦ ਬੈਂਕ ਵੱਲੋਂ ਜ਼ਮੀਨ ਨੂੰ ਬੈਂਕ ਪਾਸੋਂ ਫ੍ਰੀ ਕਰਨ (ਜ਼ਮੀਨ ਫ਼ੱਕ ਕਰਨ) ਲਈ ਮਿਤੀ 27 ਅਗਸਤ 2025 ਨੂੰ ਪਟਵਾਰੀ ਨੂੰ ਲਿਖਤੀ ਰਿਪੋਰਟ ਭੇਜੀ ਗਈ ਸੀ। ਜਦੋਂ ਸ਼ਿਕਾਇਤਕਰਤਾ ਹਲਕਾ ਪਟਵਾਰੀ ਹਰਮਨਜੀਤ ਸਿੰਘ ਨੂੰ ਮਿਲਿਆ, ਤਾਂ ਉਸ ਨੇ ਜ਼ਮੀਨ ਫ਼ੱਕ ਕਰਨ ਤੇ ਵਿਰਾਸਤੀ ਇੰਤਕਾਲ ਚੜ੍ਹਾਉਣ ਦੇ ਬਦਲੇ 5,000 ਰੁਪਏ ਰਿਸ਼ਵਤ ਦੀ ਮੰਗ ਕੀਤੀ।

ਗੂਗਲ-ਪੇਅ ਰਾਹੀਂ ਲੈਣ-ਦੇਣ ਦਾ ਖੁਲਾਸਾ
ਵਿਜੀਲੈਂਸ ਦੀ ਪੜਤਾਲ ’ਚ ਇਹ ਤੱਥ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਨੇ 16 ਜਨਵਰੀ 2026 ਨੂੰ ਗੂਗਲ-ਪੇਅ ਰਾਹੀਂ ਪਟਵਾਰੀ ਨੂੰ 4,000 ਰੁਪਏ ਟ੍ਰਾਂਸਫਰ ਕੀਤੇ ਸਨ। ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਪੈਸੇ ਪਟਵਾਰੀ ਨੇ ਆਪਣੇ ਨਿੱਜੀ ਖਾਤੇ ਦੀ ਬਜਾਏ ਆਪਣੀ ਮਾਤਾ ਗੁਰਮੀਤ ਕੌਰ ਦੇ ਖਾਤੇ ’ਚ ਹਾਸਲ ਕੀਤੇ ਸਨ। ਬੈਂਕ ਸਟੇਟਮੈਂਟਾਂ ਦੀ ਜਾਂਚ ਤੋਂ ਬਾਅਦ ਰਿਸ਼ਵਤ ਲੈਣ ਦੀ ਗੱਲ ਪੂਰੀ ਤਰ੍ਹਾਂ ਸਾਬਿਤ ਹੋ ਗਈ।

ਇੰਸਪੈਕਟਰ ਗੁਰਮੇਲ ਸਿੰਘ, ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਦੀ ਅਗਵਾਈ ਹੇਠ ਮੁਲਜ਼ਮ ਪਟਵਾਰੀ (ਵਾਸੀ ਪਿੰਡ ਕਮਾਲੂ, ਜ਼ਿਲਾ ਬਠਿੰਡਾ) ਵਿਰੁੱਧ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੰਸਪੈਕਟਰ ਗੁਰਮੇਲ ਸਿੰਘ ਨੇ ਸਪੱਸ਼ਟ ਕੀਤਾ ਕਿ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਕਾਰਵਾਈ ਤੋਂ ਬਾਅਦ ਮਾਲ ਵਿਭਾਗ ਦੇ ਮੁਲਾਜ਼ਮਾਂ ’ਚ ਹੜਕੰਪ ਮਚ ਗਿਆ ਹੈ ਅਤੇ ਪੁਲਸ ਵੱਲੋਂ ਅਗਲੇਰੀ ਤਫਤੀਸ਼ ਜਾਰੀ ਹੈ।

Read More : ਹਵਾ ਪ੍ਰਦੂਸ਼ਣ ਵਿਰੁੱਧ ਪੰਜਾਬ ਦੀ ਮੁਹਿੰਮ: ਕੂੜਾ ਸਾੜਨ ਤੋਂ ਰੋਕਣ ਲਈ 13,000 ਤੋਂ ਵਧੇਰੇ ਕਰਮਚਾਰੀ ਕੀਤੇ ਲਾਮਬੰਦ

Leave a Reply

Your email address will not be published. Required fields are marked *