ਨੌਜਵਾਨ

ਘਰੇਲੂ ਝਗੜੇ ਕਾਰਨ ਨੌਜਵਾਨ ਵੱਲੋਂ ਸਾਲੇ ਤੇ ਸਹੁਰੇ ਦਾ ਗੋਲੀਆਂ ਮਾਰ ਕੇ ਕਤਲ

ਮੁਲਜ਼ਮ ਜਵਾਈ ਨੇ ਲਾਇਸੈਂਸੀ ਰਿਵਾਲਵਰ ਨਾਲ ਚਲਾਈਆਂ ਗੋਲੀਆਂ, ਗ੍ਰਿਫ਼ਤਾਰ

ਸੰਗਰੂਰ, 30 ਅਪ੍ਰੈਲ: ਜ਼ਿਲਾ ਸੰਗਰੂਰ ਦੇ ਪਿੰਡ ਸ਼ਾਦੀਹਰੀ ’ਚ ਇਕ ਨੌਜਵਾਨ ਵੱਲੋਂ ਆਪਣੇ ਸਾਲੇ ਤੇ ਸਹੁਰੇ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਚੌਕੀ ਇੰਚਾਰਜ ਕੌਹਰੀਆਂ ਮਿੱਠੂ ਰਾਮ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਸ਼ਾਦੀਹਰੀ ਦੇ ਗੁਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਨੇ ਆਪਣੇ ਸਹੁਰੇ ਲਖਬੀਰ ਸਿੰਘ (65) ਅਤੇ ਸਾਲੇ ਜਗਸੀਰ ਸਿੰਘ (29) ਵਾਸੀ ਪਿੰਡ ਰਸੋਲੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ।

ਵੇਰਵਿਆਂ ਅਨੁਸਾਰ ਪਿੰਡ ਰਸੋਲੀ (ਜ਼ਿਲਾ ਪਟਿਆਲਾ) ਦੇ ਰਹਿਣ ਵਾਲੇ ਲਖਬੀਰ ਸਿੰਘ ਦੀ ਲੜਕੀ ਅਤੇ ਜਗਸੀਰ ਸਿੰਘ ਦੀ ਭੈਣ ਵੀਰਪਾਲ ਕੌਰ ਦਾ ਵਿਆਹ ਕਰੀਬ 14 ਸਾਲ ਪਹਿਲਾਂ ਪਿੰਡ ਸ਼ਾਦੀਹਰੀ (ਜ਼ਿਲਾ ਸੰਗਰੂਰ) ਦੇ ਗੁਰਵਿੰਦਰ ਸਿੰਘ ਨਾਲ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਘਰ ’ਚ ਅਕਸਰ ਝਗੜਾ ਰਹਿੰਦਾ ਸੀ। ਅੱਜ ਜਦੋਂ ਮੁੜ ਲੜਾਈ ਹੋਈ ਤਾਂ ਵੀਰਪਾਲ ਕੌਰ ਨੇ ਆਪਣੇ ਪੇਕੇ ਘਰ ਇਸ ਬਾਰੇ ਫ਼ੋਨ ਕਰ ਦਿੱਤਾ।

ਲੜਾਈ ਦੀ ਗੱਲ ਸੁਣ ਕੇ ਜਿਵੇਂ ਹੀ ਦੋਵੇਂ ਪਿਓ-ਪੁੱਤਰ ਪਿੰਡ ਸ਼ਾਦੀਹਰੀ ਪਹੁੰਚੇ, ਤਾਂ ਉਨ੍ਹਾਂ ਦੀ ਆਪਣੇ ਜਵਾਈ ਗੁਰਵਿੰਦਰ ਸਿੰਘ ਨਾਲ ਹੱਥੋਪਾਈ ਹੋ ਗਈ। ਇਸ ਹੱਥੋਪਾਈ ਦੌਰਾਨ ਮੁਲਜ਼ਮ ਗੁਰਵਿੰਦਰ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਦੋਵਾਂ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਦਿੜ੍ਹਬਾ ਦੀ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਗੁਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Read More : ਆਸਟ੍ਰੇਲੀਆ ਤੋਂ ਡਿਪੋਰਟ ਕੀਤੇ 9 ਪੰਜਾਬੀ ਪੁਲਸ ਲਾਈਨ ਪਟਿਆਲਾ ਲਿਆਂਦੇ

Leave a Reply

Your email address will not be published. Required fields are marked *