ਸ਼ਹਿਰ ਨੂੰ ਮਿਲੇਗਾ ਨਵਾਂ ਬੱਸ ਅੱਡਾ, ਨਵੀਂ ਪੁਲਿਸ ਲਾਈਨ ਅਤੇ ਤਿੰਨ ਨਵੇਂ ਪੁਲ
ਬਟਾਲਾ, 17 ਅਪ੍ਰੈਲ : ਪੰਜਾਬ ਦੇ ਇਤਿਹਾਸਕ ਸ਼ਹਿਰ ਬਟਾਲਾ ਦੀ ਕਾਇਆਕਲਪ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 177 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਨਗਰ ਨਿਗਮ ਬਟਾਲਾ 95.72 ਕਰੋੜ ਰੁਪਏ ਅਤੇ ਮੰਡੀ ਬੋਰਡ 16.05 ਕਰੋੜ ਰੁਪਏ ਵਿਕਾਸ ਕਾਰਜਾਂ ’ਤੇ ਖਰਚੇਗਾ। ਇਸੇ ਤਰ੍ਹਾਂ ਲੋਕ ਨਿਰਮਾਣ ਵਿਭਾਗ ਵੱਲੋਂ 65.09 ਕਰੋੜ ਰੁਪਏ ਸੜਕਾਂ ਦੇ ਨਿਰਮਾਣ ’ਤੇ ਖਰਚੇ ਜਾਣਗੇ। ਬਟਾਲਾ ਹਲਕੇ ਵਿੱਚ ਸੜਕਾਂ ਦੇ ਨਵੀਨੀਕਰਨ ਲਈ ਲੋਕ ਨਿਰਮਾਣ ਵਿਭਾਗ ਵੱਲੋਂ 42.56 ਕਰੋੜ ਰੁਪਏ ਅਤੇ ਮੰਡੀ ਬੋਰਡ ਵੱਲੋਂ 34.97 ਕਰੋੜ ਰੁਪਏ ਖਰਚਣ ਦਾ ਐਲਾਨ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਬਟਾਲਾ ਵਾਸੀਆਂ ਨੂੰ ਵੱਡੀ ਸਹੂਲਤ ਦਿੰਦਿਆਂ ਦੱਸਿਆ ਕਿ ਗ੍ਰੇਟਰ ਕੈਲਾਸ਼ ਕਲੋਨੀ ਦੇ ਨੇੜੇ ਹੰਸਾਲੀ ਨਾਲੇ, ਸਰਪੰਚ ਟੋਕਾ ਫੈਕਟਰੀ ਦੇ ਨੇੜੇ ਕਸੂਰ ਨਾਲੇ ਅਤੇ ਕੋਟਲਾ ਮੂਸਾ ਨਾਲੇ ’ਤੇ ਨਵੇਂ ਪੁਲ ਬਣਾਏ ਜਾਣਗੇ। ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਪੱਕੇ ਹੱਲ ਲਈ ਛੇਤੀ ਨਵਾਂ ਬੱਸ ਅੱਡਾ ਬਣਾਉਣ ਅਤੇ ਨਵੀਂ ਪੁਲਿਸ ਲਾਈਨ ਲਈ 14.81 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰਨ ਦਾ ਵੀ ਐਲਾਨ ਕੀਤਾ ਗਿਆ।
ਸਿਆਸੀ ਹਮਲਾ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਲ 2022 ਵਿੱਚ ਲੋਕਾਂ ਨੇ ਤਿੰਨ ਪੀੜ੍ਹੀਆਂ ਤੋਂ ਚੱਲ ਰਹੀ ਅਕਾਲੀ-ਕਾਂਗਰਸ ਦੀ ਲੁੱਟ ਦਾ ਅੰਤ ਕੀਤਾ ਹੈ ਅਤੇ 2027 ਵਿੱਚ ਵੀ ਲੋਕ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਮੌਕਾ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸੀ, ਅਕਾਲੀ ਅਤੇ ਭਾਜਪਾਈਆਂ ਨੂੰ ਆਮ ਲੋਕ ਪਸੰਦ ਨਹੀਂ ਹਨ। ਬੇਅਦਬੀ ਦੇ ਮੁੱਦੇ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜਾਣਬੁੱਝ ਕੇ ਕਮਜ਼ੋਰ ਕਾਨੂੰਨ ਬਣਾਏ ਸਨ ਤਾਂ ਜੋ ਉਹ ਖੁਦ ਬਚ ਸਕਣ, ਪਰ ਸਾਡੀ ਸਰਕਾਰ ਨੇ ਸਖ਼ਤ ਸਜ਼ਾਵਾਂ ਵਾਲਾ ਬਿੱਲ ਪਾਸ ਕੀਤਾ ਹੈ।
ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ਨੂੰ ‘ਪਰਿਵਾਰ ਬਚਾਓ ਯਾਤਰਾ’ ਦੱਸਦਿਆਂ ਮੁੱਖ ਮੰਤਰੀ ਨੇ ਬਾਦਲ ਪਰਿਵਾਰ ਦੇ ਇਤਿਹਾਸ ਅਤੇ ਉਨ੍ਹਾਂ ਦੀਆਂ ਪਿਛਲੀਆਂ ਗਲਤੀਆਂ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਿੱਖਿਆ, ਸਿਹਤ ਅਤੇ ਬਿਜਲੀ ਦੇ ਖੇਤਰ ਵਿੱਚ ਇਤਿਹਾਸਕ ਕੰਮ ਕਰ ਰਹੀ ਹੈ। 90 ਫੀਸਦੀ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ ਅਤੇ 65 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।
ਇਸ ਮੌਕੇ ਸੀਨੀਅਰ ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ਲੋਕ-ਪੱਖੀ ਮੁੱਖ ਮੰਤਰੀ ਦੱਸਿਆ। ਸਮਾਗਮ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ।
Read More : IPL2026 : ਪੰਜਾਬ ਕਿੰਗਜ਼ ਦੀ ਸ਼ਾਨਦਾਰ ਜਿੱਤ: ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ
