ਟਾਇਰ ਪੈਂਚਰ ਹੋਣ ’ਤੇ ਗੱਡੀ ਤੋਂ ਹੇਠਾਂ ਉਤਰੇ ਸਨ ਲੋਕ; ਪੁਲਸ ਨੇ ਟਰੱਕ ਚਾਲਕ ਨੂੰ ਕੀਤਾ ਗ੍ਰਿਫ਼ਤਾਰ
ਡਿੰਡੋਰੀ, 12 ਅਪ੍ਰੈਲ : ਮੱਧ ਪ੍ਰਦੇਸ਼ ਦੇ ਡਿੰਡੋਰੀ ਜ਼ਿਲੇ ਵਿੱਚ ਜੱਬਲਪੁਰ-ਅਮਰਕੰਟਕ ਰਾਸ਼ਟਰੀ ਰਾਜਮਾਰਗ ’ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 5 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਹ ਹਾਦਸਾ ਐਤਵਾਰ ਤੜਕੇ ਉਸ ਸਮੇਂ ਵਾਪਰਿਆ ਜਦੋਂ ਇੱਕ ਬੇਕਾਬੂ ਟਰੱਕ ਨੇ ਸੜਕ ਕੰਢੇ ਖੜ੍ਹੇ 6 ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਪੁਲਸ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਸਾਰੇ ਪੀੜਤ ਇੱਕ ਪਿਕਅੱਪ ਵਾਹਨ ਵਿੱਚ ਸਵਾਰ ਹੋ ਕੇ ਆਪਣੇ ਪਿੰਡ ਪਰਤ ਰਹੇ ਸਨ। ਜਦੋਂ ਉਨ੍ਹਾਂ ਦੀ ਗੱਡੀ ਕਿਕਰਾਤਾਲਾਬ ਪਿੰਡ ਨੇੜੇ ਪਹੁੰਚੀ ਤਾਂ ਅਚਾਨਕ ਵਾਹਨ ਦਾ ਟਾਇਰ ਪੈਂਚਰ ਹੋ ਗਿਆ। ਡਿੰਡੋਰੀ ਦੇ ਪੁਲਸ ਅਧਿਕਾਰੀ ਵਾਹਨੀ ਸਿੰਘ ਨੇ ਦੱਸਿਆ ਕਿ ਜਦੋਂ ਡਰਾਈਵਰ ਗੱਡੀ ਦਾ ਟਾਇਰ ਬਦਲ ਰਿਹਾ ਸੀ, ਤਾਂ ਗੱਡੀ ਵਿੱਚ ਸਵਾਰ ਸਾਰੇ ਲੋਕ ਹੇਠਾਂ ਉਤਰ ਕੇ ਸੜਕ ਕੰਢੇ ਖੜ੍ਹੇ ਹੋ ਗਏ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ।
ਹਾਦਸਾ ਇੰਨਾ ਭਿਆਨਕ ਸੀ ਕਿ 5 ਲੋਕਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Read More : CM ਭਗਵੰਤ ਮਾਨ ਨੇ 8ਵੀਂ ਜਮਾਤ ਦੀਆਂ ਟਾਪਰ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ
