ਬਰਨਾਲਾ ਪੁਲਸ ਨੇ ਵਰਦੀਆਂ, ਜਾਅਲੀ ਆਈ.ਡੀ. ਕਾਰਡ ਅਤੇ ਇਨੋਵਾ ਕਾਰ ਕੀਤੀ ਬਰਾਮਦ
ਬਰਨਾਲਾ, 23 ਮਾਰਚ: ਜ਼ਿਲ੍ਹਾ ਬਰਨਾਲਾ ਦੀ ਪੁਲਸ ਨੇ ਨਕਲੀ ਪੁਲਸ ਮੁਲਾਜ਼ਮ ਬਣ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਧਨੌਲਾ ਦੀ ਪੁਲਸ ਨੇ ਮੁਲਜ਼ਮਾਂ ਨੂੰ ਪੁਲਸ ਵਰਦੀਆਂ ਅਤੇ ਇੱਕ ਇਨੋਵਾ ਕਾਰ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਥਾਣਾ ਧਨੌਲਾ ਦੇ ਏ.ਐੱਸ.ਆਈ. ਸੇਵਾ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਪੰਜਾਬ ਪੁਲਸ ਦੀਆਂ ਵਰਦੀਆਂ ਪਾ ਕੇ ਲੋਕਾਂ ਨੂੰ ਪੁਲਸ ਵਿੱਚ ਭਰਤੀ ਕਰਵਾਉਣ ਦਾ ਲਾਲਚ ਦੇ ਕੇ ਅਤੇ ਝੂਠੇ ਕੇਸਾਂ ਵਿੱਚ ਫਸਾਉਣ ਦਾ ਡਰ ਦਿਖਾ ਕੇ ਮੋਟੀਆਂ ਰਕਮਾਂ ਵਸੂਲਦੇ ਸਨ। ਸੂਚਨਾ ਦੇ ਆਧਾਰ ‘ਤੇ ਪੁਲਸ ਟੀਮ ਨੇ ਛਾਪੇਮਾਰੀ ਕਰਕੇ ਇੱਕ ਇਨੋਵਾ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ, ਜੋ ਪੁਲਸ ਵਰਦੀ ਵਿੱਚ ਮੌਜੂਦ ਸਨ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਸੰਦੀਪ ਕੁਮਾਰ, ਅਜੇ ਅਤੇ ਗੁਰਪ੍ਰੀਤ ਸਿੰਘ (ਤਿੰਨੋਂ ਵਾਸੀ ਜ਼ਿਲ੍ਹਾ ਫਿਰੋਜ਼ਪੁਰ) ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਕੋਲੋਂ ਪੰਜਾਬ ਪੁਲਸ ਦੀਆਂ ਵਰਦੀਆਂ, ਪੱਗਾਂ, ਖ਼ਾਕੀ ਬੂਟ ਅਤੇ ਜਾਅਲੀ ਆਈ.ਡੀ. ਕਾਰਡ ਬਰਾਮਦ ਕੀਤੇ ਹਨ। ਥਾਣਾ ਧਨੌਲਾ ਵਿਖੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Read More : ਹੁਣ ਗੁਰਦਾਸਪੁਰ-ਬਟਾਲਾ ਰਾਹੀਂ ਕਟੜਾ ਜਾਵੇਗੀ ‘ਵੰਦੇ ਭਾਰਤ ਐਕਸਪ੍ਰੈਸ’
