ਰੇਲ ਮੰਤਰਾਲੇ ਨੇ ਰੂਟ ਬਦਲਣ ਦੀ ਦਿੱਤੀ ਮਨਜ਼ੂਰੀ; ਇਲਾਕੇ ਦੇ ਯਾਤਰੀਆਂ ਨੂੰ ਮਿਲੇਗੀ ਵੱਡੀ ਸਹੂਲਤ
ਗੁਰਦਾਸਪੁਰ, 23 ਮਾਰਚ : ਭਾਰਤ ਸਰਕਾਰ ਦੇ ਰੇਲ ਮੰਤਰਾਲੇ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਅੰਮ੍ਰਿਤਸਰ–ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਐਕਸਪ੍ਰੈਸ ਨੂੰ ਹੁਣ ਜਲੰਧਰ ਦੀ ਬਜਾਏ ਗੁਰਦਾਸਪੁਰ ਰਾਹੀਂ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਫੈਸਲੇ ਨਾਲ ਜ਼ਿਲ੍ਹੇ ਦੇ ਯਾਤਰੀਆਂ ਅਤੇ ਸ਼ਰਧਾਲੂਆਂ ਨੂੰ ਤੇਜ਼ ਅਤੇ ਆਧੁਨਿਕ ਰੇਲ ਸੇਵਾ ਦੀ ਸਿੱਧੀ ਸਹੂਲਤ ਮਿਲੇਗੀ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆ ਨੇ ਇਸ ਫੈਸਲੇ ‘ਤੇ ਖੁਸ਼ੀ ਪ੍ਰਗਟਾਉਂਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਇਲਾਕੇ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਸੀ, ਜੋ ਹੁਣ ਪੂਰੀ ਹੋ ਗਈ ਹੈ। ਰੇਲਵੇ ਬੋਰਡ ਦੇ ਨਵੇਂ ਸ਼ਡਿਊਲ ਅਨੁਸਾਰ ਇਹ ਟ੍ਰੇਨ ਗੁਰਦਾਸਪੁਰ ਅਤੇ ਬਟਾਲਾ ਸਟੇਸ਼ਨਾਂ ‘ਤੇ 2-2 ਮਿੰਟ ਲਈ ਰੁਕਿਆ ਕਰੇਗੀ।
ਕਟੜਾ ਤੋਂ ਅੰਮ੍ਰਿਤਸਰ ਆਉਂਦੀ ਟ੍ਰੇਨ ਸਵੇਰੇ 10:15 ਵਜੇ ਗੁਰਦਾਸਪੁਰ ਅਤੇ 10:54 ਵਜੇ ਬਟਾਲਾ ਪਹੁੰਚੇਗੀ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਕਟੜਾ ਜਾਣ ਵਾਲੀ ਟ੍ਰੇਨ ਸ਼ਾਮ 5:18 ਵਜੇ ਬਟਾਲਾ ਅਤੇ 5:58 ਵਜੇ ਗੁਰਦਾਸਪੁਰ ਪਹੁੰਚੇਗੀ। ਬਘੇਲ ਸਿੰਘ ਬਾਹੀਆ ਨੇ ਕਿਹਾ ਕਿ ਇਸ ਨਾਲ ਇਲਾਕੇ ਦੇ ਵਪਾਰ ਅਤੇ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ।
Read More : ਭੁੱਲਰ ਦੀ ਗ੍ਰਿਫ਼ਤਾਰੀ CBI ਜਾਂਚ ਦੇ ਡਰ ਦਾ ਨਤੀਜਾ : ਸੁਨੀਲ ਜਾਖੜ
