ਤੇਲ ਭੱਤਿਆਂ ’ਚ 50 ਫੀਸਦੀ ਕਟੌਤੀ ਦਾ ਐਲਾਨ, ਵੱਡੇ ਅਧਿਕਾਰੀਆਂ ਦੀਆਂ ਤਨਖਾਹਾਂ ’ਤੇ ਵੀ ਚੱਲੇਗੀ ਕੈਂਚੀ
ਇਸਲਾਮਾਬਾਦ, 10 ਮਾਰਚ : ਪਾਕਿਸਤਾਨ ਇਸ ਵੇਲੇ ਗੰਭੀਰ ਤੇਲ ਸੰਕਟ ਦੀ ਮਾਰ ਹੇਠ ਹੈ। ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਕਿੱਲਤ ਦੇ ਮੱਦੇਨਜ਼ਰ ਤੇਲ ਬਚਾਉਣ ਲਈ ਪਾਕਿਸਤਾਨੀ ਸਰਕਾਰ ਨੇ ਸਾਰੇ ਸਕੂਲ ਅਗਲੇ ਦੋ ਹਫ਼ਤਿਆਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ, ਜਦਕਿ ਯੂਨੀਵਰਸਿਟੀਆਂ ’ਚ ਕਲਾਸਾਂ ਸਿਰਫ਼ ਆਨਲਾਈਨ ਲੱਗਣਗੀਆਂ। ਸਰਕਾਰੀ ਦਫ਼ਤਰਾਂ ਲਈ ਅਗਲੇ ਨੋਟਿਸ ਤੱਕ ਹਫ਼ਤੇ ’ਚ ਸਿਰਫ਼ ਚਾਰ ਦਿਨ ਕੰਮਕਾਜ ਕਰਨ ਦੀ ਨੀਤੀ ਅਪਣਾਈ ਗਈ ਹੈ।
ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਐਲਾਨ ਕੀਤਾ ਹੈ ਕਿ ਦਫ਼ਤਰਾਂ ਦੇ ਸੰਚਾਲਨ ਖ਼ਰਚੇ ਅਤੇ ਤੇਲ ਦੀ ਖਪਤ ਘਟਾਉਣ ਲਈ 50 ਫੀਸਦੀ ਕਰਮਚਾਰੀ ਘਰੋਂ ਕੰਮ (ਵਰਕ ਫਰਾਮ ਹੋਮ) ਕਰਨਗੇ।
ਇਸ ਤੋਂ ਇਲਾਵਾ ਅਗਲੇ ਦੋ ਮਹੀਨਿਆਂ ਲਈ ਸਰਕਾਰੀ ਵਿਭਾਗਾਂ ਦੇ ਤੇਲ ਭੱਤੇ 50 ਫੀਸਦੀ ਘਟਾ ਦਿੱਤੇ ਗਏ ਹਨ। ਗ੍ਰੇਡ 20 ਅਤੇ ਇਸ ਤੋਂ ਉੱਪਰ ਦੇ ਅਧਿਕਾਰੀ, ਜਿਨ੍ਹਾਂ ਦੀ ਤਨਖਾਹ 3 ਲੱਖ ਰੁਪਏ ਮਹੀਨਾ ਤੋਂ ਵੱਧ ਹੈ, ਉਨ੍ਹਾਂ ਦੀ ਤਨਖਾਹ ’ਚੋਂ ਦੋ ਦਿਨ ਦੀ ਕਟੌਤੀ ਕੀਤੀ ਜਾਵੇਗੀ।
ਦੂਜੇ ਪਾਸੇ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੇ ਵੀ ਸਖ਼ਤ ਕਦਮ ਚੁੱਕਦਿਆਂ ਸੂਬਾਈ ਮੰਤਰੀਆਂ ਦੀ ਤੇਲ ਸਪਲਾਈ ਮੁਅੱਤਲ ਕਰ ਦਿੱਤੀ ਹੈ। ਸਰਕਾਰੀ ਅਧਿਕਾਰੀਆਂ ਦੇ ਵਾਹਨਾਂ ਲਈ ਪੈਟਰੋਲ ਅਤੇ ਡੀਜ਼ਲ ਭੱਤੇ ’ਚ ਤੁਰੰਤ ਪ੍ਰਭਾਵ ਨਾਲ ਅੱਧੀ ਕਟੌਤੀ ਲਾਗੂ ਕਰ ਦਿੱਤੀ ਗਈ ਹੈ। ਇਹ ਫੈਸਲਾ ਮੱਧ ਪੂਰਬ ’ਚ ਚੱਲ ਰਹੇ ਵਿਸ਼ਵਵਿਆਪੀ ਤਣਾਅ ਕਾਰਨ ਤੇਲ ਸਪਲਾਈ ਪ੍ਰਭਾਵਿਤ ਹੋਣ ਦੇ ਚਲਦਿਆਂ ਲਿਆ ਗਿਆ ਹੈ।
Read More : ਅਮਰੀਕਾ ਤੋਂ ਪਰਤ ਰਹੇ ਪਤੀ-ਪਤਨੀ ਦੀ ਭਿਆਨਕ ਸੜਕ ਹਾਦਸੇ ’ਚ ਮੌਤ
